ਕਮਲਾ ਹੈਰਿਸ ਨੂੰ ਮਾਰਨ ਦੀਆਂ ਸਕੀਮਾਂ ਘੜਨ ਵਾਲੀ ਨਰਸ ਆਈ ਪੁਲਿਸ ਅੜਿੱਕੇ

ਕਮਲਾ ਹੈਰਿਸ ਨੂੰ ਮਾਰਨ ਦੀਆਂ ਸਕੀਮਾਂ ਘੜਨ ਵਾਲੀ ਨਰਸ ਆਈ ਪੁਲਿਸ ਅੜਿੱਕੇ
ਸਾਨ ਫਰਾਂਸਿਸਕੋ-ਅਮਰੀਕਾ ਦੀ ਸੀਕਰੇਟ ਸਰਵਿਸਜ਼ ਵਲੋਂ ਫਲੋਰਿਡਾ ਦੀ ਇਕ ਨਰਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿਸ ਉੱਪਰ ਦੋਸ਼ ਹਨ ਕਿ ਉਸਨੇ ਜੇਲ੍ਹ 'ਚ ਬੰਦ ਆਪਣੇ ਪਤੀ ਨੂੰ ਕਮਲਾ ਹੈਰਿਸ ਨੂੰ ਮਾਰਨ ਦੀਆਂ ਸਕੀਮਾਂ ਵਾਲੀਆਂ ਵੀਡੀਓਜ਼ ਭੇਜੀਆਂ ਹਨ | ਇੱਥੋਂ ਦੀ ਜ਼ਿਲ੍ਹਾ ਅਦਾਲਤ ਵਿਚ ਇਸ ਸਬੰਧੀ ਸ਼ਿਕਾਇਤ ਵੀ ਦਾਇਰ ਕਰ ਦਿੱਤੀ ਗਈ ਹੈ | ਖਬਰਾਂ ਅਨੁਸਾਰ ਮਿਆਮੀ ਦੀ 39 ਸਾਲਾ ਨਰਸ ਨਿਵੀਯੇਨ ਪੇਟਿਟ ਫੇਲਪਸ ਉੱਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ 13 ਫਰਵਰੀ ਤੋਂ 18 ਫਰਵਰੀ ਦੇ ਵਿਚਕਾਰ ਆਪਣੇ ਜੇਲ੍ਹ ਵਿਚ ਬੰਦ ਪਤੀ ਨੂੰ ਕਈ ਰਿਕਾਰਡ ਕੀਤੇ ਵੀਡੀਓ ਭੇਜੇ ਜਿਨ੍ਹਾਂ 'ਚ ਉਸਨੇ ਉੱਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਹੱਤਿਆ ਬਾਰੇ ਵਿਚਾਰ-ਵਟਾਂਦਰੇ ਕੀਤੇ ਸਨ | ਇਕ ਸੀਕ੍ਰੇਟ ਸਰਵਿਸ ਦੇ ਵਿਸ਼ੇਸ਼ ਏਜੰਟ ਨੇ ਫੇਲਪਸ ਅਤੇ ਉਸਦੇ ਕੈਦ ਕੀਤੇ ਪਤੀ ਵਿਚਾਲੇ ਹੁੰਦੇ ਸੰਚਾਰ ਦੀ ਇਕ ਵਿਸ਼ੇਸ਼ ਸਾਫਟਵੇਅਰ ਨਾਲ ਰਿਕਾਰਡਿੰਗ ਕੀਤੀ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ | ਉਸ ਵਲੋਂ ਆਪਣੇ ਪਤੀ ਨੂੰ ਭੇਜੀਆਂ ਗਈਆਂ ਪੰਜ ਵੀਡਿਓਜ਼ ਵਿਚ ਹੈਰਿਸ, ਰਾਸ਼ਟਰਪਤੀ ਜੋ ਬਿਡੇਨ ਅਤੇ ਹੋਰਾਂ ਪ੍ਰਤੀ ਨਫਰਤ ਭਰੇ ਬਿਆਨ ਹਨ | ਮਿਆਮੀ-ਡੇਡ ਪੁਲਿਸ ਵਿਭਾਗ ਦੇ ਜਾਸੂਸ ਅਤੇ ਗੁਪਤ ਸੇਵਾ ਦੇ ਏਜੰਟ 3 ਮਾਰਚ ਨੂੰ ਫੇਲਫਸ ਤੋਂ ਪੁੱਛਗਿੱਛ ਕਰਨ ਲਈ ਗਏ ਪਰ ਉਸ ਨੇ ਵਿਰੋਧ ਕੀਤਾ, ਪਰ ਅਧਿਕਾਰੀਆਂ ਵਲੋਂ ਉਸਨੂੰ ਗਿ੍ਫ਼ਤਾਰ ਕਰ ਲਿਆ ਗਿਆ | ਫੇਲਪਸ ਦੇ ਅਟਾਰਨੀ ਸਕੌਟ ਸੌਲ ਨੇ ਕਿਹਾ ਕਿ ਉਸਨੂੰ ਨਹੀਂ ਲੱਗਦਾ ਕਿ ਕਮਲਾ ਹੈਰਿਸ ਨੂੰ ਸਿੱਧੇ ਰੂਪ ਵਿਚ ਕੋਈ ਧਮਕੀ ਦਿੱਤੀ ਗਈ ਹੈ, ਪਤੀ ਪਤਨੀ ਦੀ ਆਪਸੀ ਗੱਲਬਾਤ ਨੂੰ ਜੁਰਮ ਨਹੀਂ ਮੰਨਿਆ ਜਾ ਸਕਦਾ |