ਇਮਰਾਨ ਵੱਲੋਂ ਸੱਤਾ ਤੋਂ ਬੇਦਖ਼ਲ ਕਰਨ ਵਾਲਿਆਂ ਨੂੰ ਭੁੱਲ ਸੁਧਾਰਨ ਦੀ ਚਿਤਾਵਨੀ

ਇਮਰਾਨ ਵੱਲੋਂ ਸੱਤਾ ਤੋਂ ਬੇਦਖ਼ਲ ਕਰਨ ਵਾਲਿਆਂ ਨੂੰ ਭੁੱਲ ਸੁਧਾਰਨ ਦੀ ਚਿਤਾਵਨੀ
ਲਾਹੌਰ-ਪਾਕਿਸਤਾਨੀ ਫੌਜ ਨੂੰ ਅਸਿੱਧੇ ਢੰਗ ਨਾਲ ਚਿਤਾਵਨੀ ਦਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਲੋਕਾਂ ਨੂੰ ਚੋਣਾਂ ਕਰਵਾ ਕੇ ‘ਭੁੱਲ ਸੁਧਾਰਨ’ ਦਾ ਅਲਟੀਮੇਟਮ ਦਿੱਤਾ ਹੈ, ਜੋ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ’ਚ ਸ਼ਾਮਲ ਰਹੇ। ਇੱਥੇ ਲੰਘੀ ਰਾਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਚੋਣਾਂ ਨਹੀਂ ਕਰਵਾਈਆਂ ਗਈਆਂ ਤਾਂ ਉਨ੍ਹਾਂ ਦੇ ਹਮਾਇਤੀ ਰਾਜਧਾਨੀ ਪਹੁੰਚ ਕੇ ਨਵੀਂ ਲਿਆਂਦੀ ਸਰਕਾਰ ਨੂੰ ਉਖਾੜ ਸੁੱਟਣਗੇ। ਇਮਰਾਨ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਨਵੀਂ ਗੱਠਜੋੜ ਸਰਕਾਰ ਤੇ ਨਵੀਂ ਸਰਕਾਰ ਨੂੰ ਸੱਤਾ ’ਚ ਲਿਆਉਣ ਵਾਲਿਆਂ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਪਾਕਿਸਤਾਨ ਦੇ ਲੋਕਾਂ ਨੂੰ ਕਿਹਾ ਕਿ ਉਹ ਰਾਜਧਾਨੀ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਅਪੀਲ ਦੀ ਉਡੀਕ ਕਰਨ। ਉਨ੍ਹਾਂ ਕਿਹਾ, ‘ਮੇਰੇ ਵੱਲੋਂ ਇਸਲਾਮਾਬਾਦ ਪਹੁੰਚਣ ਦਾ ਸੱਦਾ ਦਿੱਤੇ ਜਾਣ ਦੀ ਉਡੀਕ ਕਰੋ।
ਕੌਮੀ ਸੁਰੱਖਿਆ ਕਮੇਟੀ ਨੇ ਇਮਰਾਨ ਦੇ ਦੋਸ਼ ਨਕਾਰੇ
ਇਸਲਾਮਾਬਾਦ:ਪਾਕਿਸਤਾਨ ਦੀ ਕੌਮੀ ਸੁਰੱਖਿਆ ਕਮੇਟੀ (ਐਨਐਸਸੀ) ਨੇ ਅੱਜ ਐਲਾਨ ਕੀਤਾ ਕਿ ਇਮਰਾਨ ਖਾਨ ਦੀ ਸਰਕਾਰ ਡਿਗਾਉਣ ਪਿੱਛੇ ਕਿਸੇ ਵੀ ‘ਵਿਦੇਸ਼ੀ ਸਾਜ਼ਿਸ਼’ ਦਾ ਹੱਥ ਨਹੀਂ ਸੀ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਐਨਐਸਸੀ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ’ਚ ਉਹ ਲਗਾਤਾਰ ਕਹਿ ਰਹੇ ਹਨ ਕਿ ਅਮਰੀਕਾ ਨੇ ਵਿਰੋਧੀ ਪਾਰਟੀਆਂ ਦੀ ਮਦਦ ਨਾਲ ਇਸਲਾਮਾਬਾਦ ’ਚ ਸੱਤਾ ਤਬਦੀਲੀ ਦੀ ਸਾਜ਼ਿਸ਼ ਘੜੀ ਹੈ।