ਗੁਰੂਆਂ ਦੇ ਅਸ਼ੀਰਵਾਦ ਨਾਲ ਭਾਰਤ ਆਪਣੇ ਗੌਰਵ ਦੇ ਸਿਖ਼ਰ 'ਤੇ ਪਹੁੰਚੇਗਾ-ਮੋਦੀ

ਗੁਰੂਆਂ ਦੇ ਅਸ਼ੀਰਵਾਦ ਨਾਲ ਭਾਰਤ ਆਪਣੇ ਗੌਰਵ ਦੇ ਸਿਖ਼ਰ 'ਤੇ ਪਹੁੰਚੇਗਾ-ਮੋਦੀ
ਨਵੀਂ ਦਿੱਲੀ-'ਗੁਰੂਆਂ ਦੇ ਅਸ਼ੀਰਵਾਦ ਨਾਲ ਭਾਰਤ ਆਪਣੇ ਗੌਰਵ ਦੇ ਸਿਖ਼ਰ 'ਤੇ ਪਹੁੰਚੇਗਾ ਕਿਉਂਕਿ ਭਾਰਤ ਸਿਰਫ਼ ਇਕ ਜ਼ਮੀਨ ਦਾ ਟੁਕੜਾ ਨਹੀਂ ਹੈ ਸਗੋਂ ਇਕ ਵਿਰਾਸਤ ਹੈ, ਜਿਸ ਦਾ ਪਹਿਚਾਣ ਦੀ ਰੱਖਿਆ ਲਈ ਸਿੱਖ ਗੁਰੂਆਂ ਨੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ | ਦੇਸ਼ ਅੱਜ ਸਾਰੇ ਦਸਾਂ ਗੁਰੂਆਂ ਨੂੰ ਨਮਨ ਕਰਦਾ ਹੈ |' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਵਿਚਾਰ ਲਾਲ ਕਿਲ੍ਹੇ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਸ਼ਤਾਬਦੀ ਸਮਾਗਮ ਦੇ ਸਮਾਪਤੀ ਸਮਾਰੋਹ ਮੌਕੇ 'ਤੇ ਕੀਤੇ ਆਪਣੇ ਸੰਬੋਧਨ ਦੌਰਾਨ ਪ੍ਰਗਟਾਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦੇ ਹਿੱਸੇ ਵਜੋਂ ਮਨਾਏ ਜਾ ਰਹੇ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਮੌਕੇ 'ਤੇ ਨੌਵੇਂ ਪਾਤਸ਼ਾਹ ਨੂੰ ਸਮਰਪਿਤ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਜਿਸ ਦੇ ਇਕ ਪਾਸੇ ਭਾਰਤ ਅਤੇ ਇੰਡੀਆ ਉਕਰਿਆ ਹੋਇਆ ਹੈ, ਇਸ ਤੋਂ ਇਲਾਵਾ ਦੇਸ਼ ਦੇ ਰਾਸ਼ਟਰੀ ਚਿੰਨ੍ਹ ਅਤੇ ਸਤਯਮੇਵ ਜਯਤੇ ਦੇ ਨਾਲ ਸਿੱਕੇ ਦੀ ਕੀਮਤ 400 ਰੁਪਏ ਅੰਕਿਤ ਕੀਤੀ ਗਈ ਹੈ | ਦੂਜੇ ਪਾਸੇ ਗੁਰੂ ਤੇਗ ਬਹਾਦਰ ਜੀ ਦੀ 400ਵੀਂ ਜੈਅੰਤੀ ਹਿੰਦੀ, ਅੰਗਰੇਜੀ ਅਤੇ ਪੰਜਾਬੀ 'ਚ ਲਿਖਿਆ ਹੋਇਆ ਹੈ | ਨਾਲ ਹੀ ਇਸ ਦੌਰ ਨੂੰ ਦਰਸਾਉਂਦਿਆਂ 1621ਈ: ਤੋਂ 2021ਈ: ਤੱਕ ਦਾ ਸਮਾਂ ਵੀ ਅੰਕਿਤ ਕੀਤਾ ਗਿਆ | ਪ੍ਰਧਾਨ ਮੰਤਰੀ ਵਲੋਂ ਸਿੱਕੇ ਤੋਂ ਇਲਾਵਾ ਇਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਜਿਸ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੀ ਤਸਵੀਰ ਲਾਈ ਹੋਈ ਸੀ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ 'ਚ ਗੁਰੂ ਤੇਗ ਬਹਾਦਰ ਜੀ ਦੇ ਚੌਥੇ ਸ਼ਤਾਬਦੀ ਸਮਾਗਮ ਨੂੰ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦਾ ਹਿੱਸਾ ਬਣਾਉਣ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੇ ਅਧਿਆਮਿਕ ਸਫ਼ਰ ਨੂੰ ਦੇਸ਼ ਦੀ ਆਜ਼ਾਦੀ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ | ਇਸ ਲਈ ਇਸ ਸਮਾਗਮ ਨੂੰ ਅੰਮਿ੍ਤ ਮਹੋਤਸਵ ( ਜੋ ਕਿ ਅਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਪ੍ਰੋਗਰਾਮ ਹੈ) ਦੇ ਹਿੱਸੇ ਵਜੋਂ ਮਨਾਇਆ ਜਾ ਰਿਹਾ ਹੈ |
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਅਤੇ ਸਮਾਪਤੀ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ' ਨਾਲ ਕਰਦਿਆਂ ਕਿਹਾ ਕਿ ਅੱਜ ਦੇਸ਼ ਪੂਰੀ ਸ਼ਰਧਾ ਦੇ ਨਾਲ ਗੁਰੂਆਂ ਦੇ ਵਿਖਾਏ ਰਸਤੇ 'ਤੇ ਅੱਗੇ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਆਧੁਨਿਕਤਾ ਦੇ ਨਾਲ ਅੱਗੇ ਵਧਣ ਨਾਲ-ਨਾਲ ਸਮਾਜ ਅਤੇ ਵਿਰਾਸਤ ਸੰਭਾਲਣ ਦੀ ਜ਼ਿੰਮੇਵਾਰੀ ਵੀ ਸਾਡੀ ਹੈ |
ਲਾਲ ਕਿਲ੍ਹਾ ਕਿੰਨੇ ਹੀ ਹੰਕਾਰ ਦੇ ਦੌਰਾਂ ਦਾ ਗਵਾਹ ਰਿਹਾ ਹੈ
ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਜਿਥੋਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਫਰਮਾਨ ਦਿੱਤਾ ਸੀ, ਨੂੰ ਇਤਿਹਾਸ ਦਾ ਇਕ ਸਥਾਪਿਤ ਮਾਪਦੰਡ ਦੱਸਦਿਆਂ ਕਿਹਾ ਕਿ ਲਾਲ ਕਿਲ੍ਹੇ ਕਿੰਨੇ ਹੀ ਹੰਕਾਰ ਦੇ ਦੌਰਾਂ ਦਾ ਗਵਾਹ ਰਿਹਾ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ ਕਿੰਨੇ ਹੀ ਸੁਪਨਿਆਂ ਦੀ ਗੂੰਜ ਵੀ ਇਥੋਂ ਹੀ ਸੁਣਾਈ ਦਿੱਤੀ ਹੈ | ਮੋਦੀ ਨੇ ਆਪਣੇ ਸੰਬੋਧਨ 'ਚ ਉਸ ਸਮੇਂ ਦੇ ਸ਼ਾਸਕ ਔਰੰਗਜ਼ੇਬ ਦੇ ਜਬਰ ਦਾ ਜ਼ਿਕਰ ਕਰਦਿਆਂ ਮਜ਼੍ਹਬੀ ਕੱਟੜਤਾ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਉਸ ਵੇਲੇ ਜਦੋਂ ਮਜ਼੍ਹਬੀ ਕੱਟੜਤਾ ਦੀ ਹਨੇਰੀ ਚੱਲੀ ਸੀ ਅਤੇ ਕਟੱੜਤਾ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਸੀ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਬਣ ਕੇ ਆਏ ਸੀ | ਮੋਦੀ ਨੇ ਅੱਗੇ ਇਹ ਵੀ ਕਿਹਾ ਕਿ ਇਤਿਹਾਸ ਵਰਤਮਾਨ ਸਮਾਂ ਅਤੇ ਲਾਲ ਕਿਲ੍ਹਾ ਗਵਾਹ ਹੈ ਕਿ ਭਾਵੇਂ ਮਜ਼੍ਹਬੀ ਕੱਟੜਤਾ ਦੀ ਹਨੇਰੀ 'ਚ ਕਈ ਸਿਰਾਂ ਨੂੰ ਧੜ ਤੋਂ ਵੱਖ ਕਰ ਦਿੱਤਾ ਗਿਆ ਹੋਵੇ, ਪਰ ਆਸਥਾ ਨੂੰ ਵੱਖ ਨਹੀਂ ਕੀਤਾ ਜਾ ਸਕਿਆ | ਉਨ੍ਹਾਂ ਕਿਹਾ ਕਿ ਵਿਰਸੇ ਦੀ ਰੱਖਿਆ ਲਈ ਦੇਸ਼ ਨੇ ਕਈ ਕੁਰਬਾਨੀਆਂ ਦਿੱਤੀਆਂ ਹਨ | ਪ੍ਰਧਾਨ ਮੰਤਰੀ ਨੇ ਅਜਿਹੀਆਂ ਕਈ ਚੁਣੌਤੀਆਂ ਨਾਲ ਨਜਿੱਠਣ ਵਾਲੇ ਦੇਸ਼ ਨੂੰ ਅੱਜ ਵੀ ਅਮਰ ਰਹਿਣ ਅਤੇ ਦੁਨੀਆ ਦਾ ਸਿਰਮੌਰ ਰਹਿਣ ਦਾ ਸਿਹਰਾ ਮਹਾਂਪੁਰਖਾਂ ਦੇ ਸਿਰ ਦਿੰਦਿਆਂ ਕਿਹਾ ਕਿ ਇਹ ਮਹਾਂਪੁਰਖ ਹੀ ਦੇਸ਼ ਨੂੰ ਅਗਲੇਰੀ ਦਿਸ਼ਾ 'ਚ ਲੈ ਜਾਣ ਦਾ ਰਾਹ ਵਿਖਾਉਂਦੇ ਹਨ |