ਇਲਹਾਨ ਉਮਰ ਦੀ ਪਾਕਿ ਫੇਰੀ ਸਰਕਾਰੀ ਦੌਰਾ ਨਹੀਂ: ਅਮਰੀਕਾ

ਇਲਹਾਨ ਉਮਰ ਦੀ ਪਾਕਿ ਫੇਰੀ ਸਰਕਾਰੀ ਦੌਰਾ ਨਹੀਂ: ਅਮਰੀਕਾ
ਵਾਸ਼ਿੰਗਟਨ-ਅਮਰੀਕੀ ਵਿਦੇਸ਼ ਵਿਭਾਗ ਨੇ ਅੱਜ ਕਿਹਾ ਕਿ ਇਲਹਾਨ ਉਮਰ ਦੀ ਮੌਜੂਦਾ ਪਾਕਿਸਤਾਨ ਫੇਰੀ ਅਮਰੀਕੀ ਕਾਨੂੰਨਸਾਜ਼ ਦਾ ਸਰਕਾਰੀ ਦੌਰਾ ਨਹੀਂ ਹੈ। ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਭਾਰਤ ਨੇ ਇਲਹਾਨ ਉਮਰ ਦੀ ਮਕਬੂਜ਼ਾ ਕਸ਼ਮੀਰ ਫੇਰੀ ਦੀ ਆਲੋਚਨਾ ਕੀਤੀ ਹੈ।
ਭਾਰਤ ਨੇ ਕਿਹਾ ਕਿ ਉਮਰ ਦੀ ਫੇਰੀ ਖੇਤਰ ਦੀ ਪ੍ਰਾਦੇਸ਼ਕ ਪ੍ਰਭੂਸੱਤਾ ਦੀ ਉਲੰਘਣਾ ਹੈ ਤੇ ਉਸ ਦੀ ‘ਤੰਗ ਦਿਲ’ ਸਿਆਸਤ ਦਾ ਝਲਕਾਰਾ ਹੈ। ਸੋਮਾਲੀ ਮੂਲ ਦੀ ਮਿਨੀਸੋਟਾ ਤੋਂ ਸੰਸਦ ਮੈਂਬਰ ਨੂੰ ਚਕੋਥੀ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਹਵਾਈ ਰਸਤੇ ਲਿਆਂਦਾ ਗਿਆ, ਜਿੱਥੇ ਉਸ ਨੂੰ ਪਾਕਿਸਤਾਨ ਤੇ ਭਾਰਤ ਦੀਆਂ ਫੌਜਾਂ ਦਰਮਿਆਨ 2003 ਗੋਲੀਬੰਦੀ ਕਰਾਰ ਤਹਿਤ ਬਣੀ ਸਮਝ ਬਾਰੇ ਸੰਖੇਪ ’ਚ ਜਾਣਕਾਰੀ ਦਿੱਤੀ ਗਈ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਉਮਰ ਪਾਕਿਸਤਾਨ ਦੇ ਸਰਕਾਰੀ ਦੌਰੇ ’ਤੇ ਨਹੀਂ ਆਈ।’’
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਲੰਘੇ ਦਿਨ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਰ ਦੀ ਮਕਬੂਜ਼ਾ ਕਸ਼ਮੀਰ ਫੇਰੀ ਦੀ ਆਲੋਚਨਾ ਕੀਤੀ ਸੀ। ਬਾਗ਼ਚੀ ਨੇ ਕਿਹਾ ਸੀ, ‘‘ਜੇਕਰ ਅਜਿਹੇ ਸਿਆਸਤਦਾਨ ਆਪਣੀ ਤੰਗਦਿਲ ਸਿਆਸਤ ਘਰ ਵਿੱਚ ਕਰਨੀ ਚਾਹੁਣ ਤਾਂ ਇਹ ਉਨ੍ਹਾਂ ਦੀ ਮਰਜ਼ੀ ਹੈ, ਪਰ ਸਾਡੀ ਪ੍ਰਾਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਦੀ ਉਲੰਘਣਾ ਦੀ ਪੈਰਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹ ਫੇਰੀ ਨਿੰਦਣਯੋਗ ਹੈ।’’ ਉਮਰ ਇਸ ਵੇਲੇ ਪਾਕਿਸਤਾਨ ਦੇ ਚਾਰ ਰੋਜ਼ਾ ਦੌਰੇ ’ਤੇ ਹੈ। ਅਮਰੀਕੀ ਕਾਨੂੰਨਸਾਜ਼ ਨੇ ਇਸਲਾਮਾਬਾਦ ਵਿੱਚ ਰਾਸ਼ਟਰਪਤੀ ਆਰਿਫ਼ ਅਲਵੀ, ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਹੋਰਾਂ ਨਾਲ ਵੀ ਮੁਲਾਕਾਤ ਕੀਤੀ। ਇਲਹਾਨ ਉਮਰ ਮਕਬੂਜ਼ਾ ਕਸ਼ਮੀਰ ਦੇ ਰਾਸ਼ਟਰਪਤੀ ਸੁਲਤਾਨ ਮਹਿਮੂਦ ਚੌਧਰੀ ਨੂੰ ਵੀ ਮਿਲੀ ਤੇ ਕਸ਼ਮੀਰ ਮੁੱਦੇ ’ਤੇ ਚਰਚਾ ਕੀਤੀ।