ਲਿਬਨਾਨ ਵਿੱਚ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ

ਲਿਬਨਾਨ ਵਿੱਚ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ
ਬੈਰੂਤ-ਲਿਬਨਾਨ ਦੀ ਫ਼ੌਜ ਨੇ ਲੰਘੀ ਰਾਤ ਡੁੱਬੀ ਇਕ ਕਿਸ਼ਤੀ ਵਿੱਚ ਸਵਾਰ ਅੱਠ ਪਰਵਾਸੀਆਂ ਦੀਆਂ ਲਾਸ਼ਾਂ ਅੱਜ ਬਰਾਮਦ ਕੀਤੀਆਂ ਹਨ। ਕਿਸ਼ਤੀ ਵਿੱਚ ਘੱਟੋ-ਘੱਟ 56 ਵਿਅਕਤੀ ਸਵਾਰ ਸਨ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ ਨੌਂ ਹੋ ਗਈ ਹੈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ।
ਨੈਸ਼ਨਲ ਨਿਊਜ਼ ਏਜੰਸੀ ਨੇ ਦੱਸਿਆ ਕਿ ਤ੍ਰਿਪੋਲੀ ਸ਼ਹਿਰ ਦੇ ਤੱਟੀ ਖੇਤਰ ਵਿੱਚ ਇਕ ਛੋਟੇ ਦੀਪ ਕੋਲ ਅੱਠ ਲਾਸ਼ਾਂ ਮਿਲੀਆਂ ਹਨ। ਲਿਬਨਾਨ ਦੀ ਫ਼ੌਜ ਨੇ ਪਹਿਲਾਂ ਕਿਹਾ ਸੀ ਕਿ 47 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਇਕ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਫ਼ੌਜ ਨੇ ਦੱਸਿਆ ਕਿ ਉੱਚੀਆਂ ਲਹਿਰਾਂ ਉਠਣ ਕਰ ਕੇ ਕਿਸ਼ਤੀ ਡੁੱਬ ਗਈ ਅਤੇ ਇਸ ਵਿੱਚ ਸਮਰੱਥਾ ਨਾਲੋਂ ਵੱਧ ਲੋਕ ਸਵਾਰ ਸਨ। ਫ਼ੌਜ ਅਨੁਸਾਰ ਬਚਾਏ ਗਏ ਕਈ ਲੋਕਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ ਜਦੋਕਿ ਹੋਰਾਂ ਨੂੰ ਨੇੜਲੇ ਹਸਪਤਾਲਾਂ ’ਚ ਲਿਜਾਇਆ ਗਿਆ। ਪਰਵਾਸੀਆਂ ਦੀ ਤਸਕਰੀ ਕਰਨ ਦੇ ਸ਼ੱਕ ਹੇਠ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਯੂਰੋਪ ਵੱਲ ਜਾ ਰਹੀ ਕਿਸ਼ਤੀ ਲਿਬਨਾਨ ਦੇ ਤੱਟੀ ਕਲਾਮੂਨ ਸ਼ਹਿਰ ਤੋਂ ਰਵਾਨਾ ਹੋਣ ਤੋਂ ਤੁਰੰਤ ਬਾਅਦ ਡੁੱਬ ਗਈ। ਇਸ ਮਗਰੋਂ ਸ਼ਨਿਚਰਵਾਰ ਰਾਤ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਦੇਸ਼ ਦੇ ਟਰਾਂਸਪੋਰਟ ਮੰਤਰੀ ਅਲੀ ਹਾਮੇਹ ਨੇ ਅੱਜ ਸਵੇਰੇ ਇਕ ਸਥਾਨਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਠ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਕਈ ਸਾਲਾਂ ਤੱਕ ਲਿਬਨਾਨ ਸ਼ਰਨਾਰਥੀਆਂ ਨੂੰ ਸ਼ਰਨ ਦਿੰਦਾ ਰਿਹਾ ਹੈ ਪਰ ਅਕਤੂਬਰ 2019 ਵਿੱਚ ਦੇਸ਼ ’ਚ ਆਰਥਿਕ ਮੰਦੀ ਸ਼ੁਰੂ ਹੋਣ ਦੇ ਬਾਅਦ ਤੋਂ ਸੈਂਕੜੇ ਲੋਕ ਕਿਸ਼ਤੀਆਂ ਵਿੱਚ ਯੂਰੋਪੀ ਦੇਸ਼ਾਂ ਵੱਲ ਰਵਾਨਾ ਹੋਏ ਹਨ ਜਦੋਂ ਕਿ ਦਰਜਨਾਂ ਹੋਰ ਵਿਅਕਤੀਆਂ ਨੂੰ ਲਿਬਨਾਨ ਦੀ ਜਲ ਸੈਨਾ ਨੇ ਰੋਕ ਕੇ ਵਾਪਸ ਘਰਾਂ ਨੂੰ ਭੇਜ ਦਿੱਤਾ। ਪਿਛਲੇ ਤਿੰਨ ਸਾਲ ਤੋਂ ਵੱਧ ਸਮੇਂ ਵਿੱਚ ਕਈ ਹੋਰ ਵਿਅਕਤੀ ਯੂਰੋਪ ਜਾਂਦੇ ਹੋਏ ਆਪਣੀਆਂ ਜ਼ਿੰਦਗੀਆਂ ਗੁਆ ਚੁੱਕੇ ਹਨ।