ਗੁਟੇਰੇਜ਼ ਦੇ ਦੌਰੇ ਮਗਰੋਂ ਰੂਸ ਵੱਲੋਂ ਪੱਛਮੀ ਯੂਕਰੇਨ ’ਚ ਹਮਲੇ ਤੇਜ਼

ਗੁਟੇਰੇਜ਼ ਦੇ ਦੌਰੇ ਮਗਰੋਂ ਰੂਸ ਵੱਲੋਂ ਪੱਛਮੀ ਯੂਕਰੇਨ ’ਚ ਹਮਲੇ ਤੇਜ਼
ਇਰਪਿਨ (ਯੂਕਰੇਨ)-ਪੂਰਬੀ ਯੂਕਰੇਨ ’ਚ ਰੂਸੀ ਹਮਲੇ ਉਸ ਸਮੇਂ ਹੋਰ ਤੇਜ਼ ਹੋ ਗਏ ਜਦੋਂ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕੀਵ ਦੇ ਬਾਹਰ ਸਥਿਤ ਕਸਬਿਆਂ ਦਾ ਦੌਰਾ ਕਰਕੇ ਹੋਈ ਤਬਾਹੀ ਦਾ ਜਾਇਜ਼ਾ ਲਿਆ।ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਬੁਚਾ ਵਰਗੇ ਸ਼ਹਿਰਾਂ ਦੇ ਦੌਰੇ ਸਮੇਂ ਉੱਥੇ ਕੀਤੇ ਗਏ ਜ਼ੁਲਮਾਂ ਦੀ ਨਿੰਦਾ ਕੀਤੀ ਜਿੱਥੇ ਰੂਸੀ ਫੌਜਾਂ ਦੇ ਵਾਪਸ ਜਾਣ ’ਤੇ ਲੋਕਾਂ ਦੇ ਕਤਲੇਆਮ ਦੇ ਸਬੂਤ ਮਿਲੇ ਸਨ। ਯੂਕਰੇਨ ਵੱਲੋਂ ਉਮੀਦ ਤੋਂ ਵੱਧ ਸਖਤ ਵਿਰੋਧ ਕਰਨ ’ਤੇ ਰੂਸੀ ਸੈਨਾ ਨੂੰ ਵਾਪਸ ਜਾਣਾ ਪਿਆ ਸੀ। ਰਾਜਧਾਨੀ ਕੀਵ ’ਤੇ ਕਬਜ਼ਾ ਕਰਨ ’ਚ ਨਾਕਾਮ ਰਹਿਣ ’ਤੇ ਰੂਸ ਨੂੰ ਆਪਣੀਆਂ ਫੌਜਾਂ ਮੁੜ ਜਥੇਬੰਦ ਕਰਨੀਆਂ ਪਈਆਂ। ਇਸ ਤੋਂ ਬਾਅਦ ਰੂਸ ਨੇ ਆਪਣਾ ਧਿਆਨ ਪੂਰਬੀ ਯੂਕਰੇਨ ਦੇ ਸਨਅਤੀ ਕੇਂਦਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਤੇ ਜਿੱਥੇ ਜੰਗ ਅਜੇ ਵੀ ਜਾਰੀ ਹੈ। ਯੂਕਰੇਨ ਦੀ ਸੈਨਾ ਨੇ ਕਿਹਾ ਕਿ ਡੋਨਬਾਸ ਦੇ ਕਈ ਇਲਾਕਿਆਂ ’ਚ ਪਿਛਲੇ ਕਈ ਦਿਨਾਂ ਤੋਂ ਜੰਗ ਜਾਰੀ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਵੀ ਪਤਾ ਲੱਗਦਾ ਹੈ ਕਿ ਮਾਰੀਓਪੋਲ ’ਚ ਬੰਬਾਰੀ ਨਾਲ ਨਵੇਂ ਨੁਕਸਾਨ ਹੋਏ ਹਨ। ਯੂਕਰੇਨ ਪ੍ਰਸ਼ਾਸਨ ਨੇ ਕਿਹਾ ਕਿ ਦੱਖਣੀ-ਪੂਰਬੀ ਬੰਦਰਗਾਹ ਸ਼ਹਿਰ ’ਚ ਹੁਣ ਵੀ ਰਹਿ ਰਹੇ ਉਸ ਦੇ ਨਾਗਰਿਕਾਂ ਨੂੰ ਭਿਆਨਕ ਹਾਲਾਤ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੋ ਮਹੀਨੇ ਦੀ ਘੇਰਾਬੰਦੀ ਕਾਰਨ ਬਹੁਤੇ ਮ੍ਰਿਤਕਾਂ ਨੂੰ ਦਫ਼ਨਾਇਆ ਨਹੀਂ ਜਾ ਸਕਿਆ ਹੈ।
ਇਸੇ ਦੌਰਾਨ ਇਰਪਿਨ ’ਚ ਬੰਬਾਰੀ ਮਗਰੋਂ ਪਹੁੰਚੇ ਗੁਟੇਰੇਜ਼ ਨੇ ਕਿਹਾ ਕਿ ਜਿੱਥੇ ਵੀ ਜੰਗ ਹੁੰਦੀ ਹੈ, ਸਭ ਤੋਂ ਵੱਧ ਕੀਮਤ ਆਮ ਲੋਕਾਂ ਨੂੰ ਚੁਕਾਉਣੀ ਪੈਂਦੀ ਹੈ। ਬੁਚਾ ’ਚ ਗੁਟੇਰੇਜ਼ ਨੇ ਕਿਹਾ, ‘ਜਦੋਂ ਅਸੀਂ ਜੰਗੀ ਅਪਰਾਧ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸਭ ਤੋਂ ਖਰਾਬ ਅਪਰਾਧ ਖੁਦ ਜੰਗ ਹੈ।’ ਫਿਲਹਾਲ ਖਾਰਕੀਵ ਤੇ ਦੋਨੇਤਸਕ ’ਚ ਭਿਆਨਕ ਜੰਗ ਜਾਰੀ ਹੈ।