ਪਟਿਆਲਾ: ਦੋ ਧੜਿਆਂ ਵਿਚਕਾਰ ਟਕਰਾਅ ਮਗਰੋਂ ਕਰਫਿਊ

ਪਟਿਆਲਾ: ਦੋ ਧੜਿਆਂ ਵਿਚਕਾਰ ਟਕਰਾਅ ਮਗਰੋਂ ਕਰਫਿਊ

ਪਟਿਆਲਾ: ਦੋ ਧੜਿਆਂ ਵਿਚਕਾਰ ਟਕਰਾਅ ਮਗਰੋਂ ਕਰਫਿਊ
ਪਟਿਆਲਾ-ਸ਼ਾਹੀ ਸ਼ਹਿਰ ਪਟਿਆਲਾ ’ਚ ਅੱਜ ਉਸ ਸਮੇਂ ਭਾਰੀ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਦੋ ਧੜਿਆਂ ਵਿਚਕਾਰ ਸਿੱਧਾ ਟਕਰਾਅ  ਹੋ ਗਿਆ। ਝੜਪਾਂ ਦੌਰਾਨ ਇੱਕ ਸਿੱਖ ਨੌਜਵਾਨ ਦੇ ਗੋਲੀ ਲੱਗੀ ਹੈ ਜਦਕਿ ਦੂਜੇ ਧੜੇ ਦੇ ਇਕ ਆਗੂ ਸਮੇਤ ਕਈ ਪੁਲੀਸ ਕਰਮੀ ਵੀ ਜ਼ਖ਼ਮੀ ਹੋਏ ਹਨ। ਕਾਲੀ ਮਾਤਾ ਮੰਦਰ ਕੋਲ ਟਕਰਾਅ ਰੋਕਣ ਲਈ ਪੁਲੀਸ ਨੂੰ ਹਵਾ ’ਚ ਗੋਲੀਆਂ ਵੀ ਚਲਾਉਣੀਆਂ ਪਈਆਂ। ਹਾਲਾਤ ਤਣਾਅ ਵਾਲੇ ਬਣੇ ਹੋਣ ਕਾਰਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੁੱਚੇ ਪਟਿਆਲਾ ਜ਼ਿਲ੍ਹੇ ’ਚ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਲੈ ਕੇੇੇੇ ਸਨਿਚਰਵਾਰ ਸਵੇਰੇ ਸਾਢੇ 6 ਵਜੇ ਤੱਕ ਕਰਫਿਊ ਲਾ ਦਿੱਤਾ ਹੈ। ਦੂਜੇ ਪਾਸੇ ਵੱਖ ਵੱੱਖ ਹਿੰਦੂ ਸੰਗਠਨਾਂ ਨੇ ਰੋਸ ਵਜੋਂ 30 ਅਪਰੈਲ ਨੂੰ ਪਟਿਆਲਾ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ ’ਚ ਬੈਠ ਕੇ ਖਾਲਿਸਤਾਨ ਪੱੱਖੀ ਸਰਗਰਮੀਆਂ ਚਲਾ ਰਹੇ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਸ਼ਿਵ ਸੈਨਾ (ਬਾਲ ਠਾਕਰੇ) ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਵੱਲੋਂ ਪਟਿਆਲਾ ’ਚ 29 ਅਪਰੈਲ ਨੂੰ ‘ਖਾਲਿਸਤਾਨ ਮੁਰਦਾਬਾਦ’ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ  ਸੀ। ਇਸ ਮਾਰਚ ਖ਼ਿਲਾਫ਼ ‘ਦਮਦਮੀ ਟਕਸਾਲ ਜਥਾ ਰਾਜਪੁਰਾ’ ਦੇ ਮੁਖੀ ਬਲਜਿੰਦਰ ਸਿੰਘ ਪਰਵਾਨਾ ਅਤੇ ਸ਼੍ਰੋਮਣੀ ਅਕਾਲੀ ਦਲ  (ਅੰਮ੍ਰਿਤਸਰ) ਨੇ ਵੀ ਅੱਜ ਹੀ ਪਟਿਆਲਾ ’ਚ ‘ਖਾਲਿਸਤਾਨ ਜ਼ਿੰਦਾਬਾਦ’ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਸ਼ਿਵ ਸੈਨਾ (ਬਾਲ ਠਾਕਰੇ) ਦੇ ਆਗੂ ਹਰੀਸ਼ ਸਿੰਗਲਾ  ਨੇ ਭਾਵੇਂ ਮਾਰਚ ਤਾਂ ਸ਼ੁਰੂ ਕੀਤਾ ਸੀ ਪਰ ਪੁਲੀਸ ਨੇ ਉਸ ਨੂੰ ਤੁਰੰਤ ਹੀ ਰੋਕ ਦਿੱਤਾ। ਉਧਰ ਬਲਜਿੰਦਰ ਸਿੰਘ ਪਰਵਾਨਾ, ਦੀਪ ਸਿੱਧੂ ਅਤੇੇ ਗਰਮਖਿਆਲੀ  ਆਗੂ ਬਖਸ਼ੀਸ਼ ਸਿੰਘ ਬਾਬਾ ਦੇ ਸਮਰਥਕਾਂ ਸਮੇਤ ਯੂਥ ਅਕਾਲ ਦੇ ਆਗੂ ਜਸਵਿੰਦਰ ਸਿੰਘ ਰਾਜਪੁਰਾ, ਵਾਰਸ ਪੰਜਾਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸ਼੍ਰੋਮਣੀ ਪੰਥਕ ਅਕਾਲ ਸਹਾਇ ਮਿਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਫਰੀਦਕੋਟ ਸਮੇਤ ਕਈ ਹੋਰ ਸਿੱਖ ਆਗੂ  ਵੀ ਇਥੇ ਪੁੱਜ ਗਏ  ਸਨ। ਪਰਵਾਨਾ ਤੇ ਸਾਥੀ ਤਾਂ ਗੁਰਦਵਾਰਾ ਦੂਖਨਿਵਾਰਨ ਸਾਹਿਬ ’ਚ ਹੀ ਰੁਕੇ ਰਹੇ, ਪਰ ਬਾਕੀ ਸਿੱਖ ਕਾਰਕੁਨ ਮਾਰਚ ਕਰਨ ਲੱਗ ਪਏ। ਪੁਲੀਸ ਨੇ ਉਨ੍ਹਾਂ ਨੂੰ ਵੀ ਕਰੀਬ  ਇਕ ਕਿਲੋਮੀਟਰ ਤੱਕ  ਜਾਣ ’ਤੇ ਲੀਲਾ ਭਵਨ ਵਿਖੇ ਜ਼ਬਰਦਸਤ ਨਾਕੇਬੰਦੀ ਲਾ ਕੇ ਰੋਕ ਲਿਆ ਸੀ। ਇਸ ਦੌਰਾਨ ਬੱਸ ਰਾਹੀਂ ਆਏ ਦਰਜਨ ਭਰ ਸਿੱਖ ਨੌਜਵਾਨ ਜਦੋਂ ਪੈਦਲ ਹੀ  ਫੁਹਾਰਾ ਚੌਕ ਵੱਲ ਆਉਂਦਿਆਂ ਕਾਲੀ ਮਾਤਾ ਮੰਦਰ ਕੋਲੋਂ ਦੀ ਲੰਘ ਰਹੇ ਸਨ, ਤਾਂ ਉਨ੍ਹਾਂ ਦੀ ਵਿਰੋਧੀ ਗੁੱਟ ਦੇ ਕੁਝ ਕਾਰਕੁਨਾਂ ਨਾਲ ਝੜਪ ਹੋ ਗਈ।  ਇਹ  ਖ਼ਬਰ ਫੈਲਣ ’ਤੇ ਲੀਲਾ ਭਵਨ ਨਾਕੇ ’ਤੇ ਰੋਕੇ ਸਿੱਖ ਕਾਰਕੁਨ ਪੁਲੀਸ ’ਤੇ ਭਾਰੂ ਪੈ ਗਏ ਅਤੇ ਨਾਕਾ ਤੋੜ ਕੇ  ਮੰਦਰ ਵੱਲ ਨੂੰ ਹੋ ਤੁਰੇ। ਨੌਜਵਾਨਾਂ ਨੂੰ ਮੰਦਰ ਦੇ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਖੁਦ ਐੱਸਐੱਸਪੀ ਡਾ. ਨਾਨਕ ਸਿੰਘ ਇੱਕ ਗੇਟ ਅੱਗੇ ਡਟ ਗਏ। ਉਂਜ ਦੋਵੇਂ ਪਾਸਿਆਂ ਤੋਂ ਪਥਰਾਅ ਸ਼ੁਰੂ ਹੋ ਗਿਆ ਸੀ। ਹਾਲਾਤ ਗੰਭੀਰ ਹੁੰਦੇ ਦੇਖ ਕੇ ਪੁਲੀਸ ਨੂੰ ਹਵਾਈ ਫਾਇਰਿੰਗ ਕਰਨੀ ਪਈ। ਐੱਸਐੱਸਪੀ ਨੇ ਖੁਦ ਵੀ ਆਪਣੇ ਪਸਤੌਲ ਨਾਲ ਕੁਝ ਗੋਲੀਆਂ ਚਲਾਈਆਂ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ  ਪਿੰਡ ਅਜਵਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਅਖਿਲ ਭਾਰਤੀ ਸੁਰੱਖਿਆ ਸਮਿਤੀ ਦੇ ਸੂਬਾਈ ਆਗੂ ਆਸ਼ੂਤੋਸ਼ ਗੌਤਮ ਵੀ  ਪੱਟ ’ਚ ਤਲਵਾਰ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖਮੀ  ਹੋ ਗਏ। ਇਸ ਮਗਰੋਂ ਪੁਲੀਸ ਨੇ  ਸਿੱਖਾਂ ਨੂੰ ਉਥੋਂ  ਖਦੇੜ ਦਿੱਤਾ ਜਿਨ੍ਹਾਂ ਫੁਹਾਰਾ ਚੌਕ ’ਤੇ ਜਾਮ ਲਗਾ ਦਿੱਤਾ। ਬਾਅਦ ’ਚ ਭਾਈ ਬਖਸ਼ੀਸ਼ ਸਿੰਘ ਬਾਬਾ (ਡੇਰਾ ਸਿਰਸਾ ਮੁਖੀ ’ਤੇ ਹਮਲਾ ਕਰਨ ਵਾਲਾ) ਤੇ ਕੁਝ ਹੋਰਾਂ ਅਤੇ ਐੱਸਐੱਸਪੀ ਦਰਮਿਆਨ ਹੋਈ ਮੀਟਿੰਗ ’ਚ ਸਿੱਖ ਨੌਜਵਾਨ ਨੂੰ ਲੱਗੀ ਗੋਲੀ ਸਬੰਧੀ ਇਰਾਦਾ ਕਤਲ ਦਾ ਕੇਸ ਹਿੰਦੂ ਜਥੇਬੰਦੀ ਦੇ ਅਣਪਛਾਤੇ ਵਰਕਰਾਂ ਖ਼ਿਲਾਫ਼ ਦਰਜ ਕਰਨ ਮਗਰੋਂ ਦੇਰ ਸ਼ਾਮ ਸਿੱਖਾਂ ਨੇ ਫੁਹਾਰਾ ਚੌਕ ਤੋਂ ਧਰਨਾ ਚੁੱਕ ਲਿਆ। ਉਧਰ ਆਸ਼ੂਤੋਸ਼ ਗੌਤਮ ’ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਹਮਲੇ ਸਬੰਧੀ ਅਣਪਛਾਤੇ ਸਿੱਖ ਕਾਰਕੁਨਾਂ ਖਿਲਾਫ਼ ਵੀ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਦੋਵੇਂ ਕੇਸ ਥਾਣਾ ਕੋਤਵਾਲੀ ’ਚ ਦਰਜ ਹੋਏ ਹਨ ਜਿਸ ਦੀ ਐੱਸਪੀ (ਸਿਟੀ) ਹਰਪਾਲ ਸਿੰਘ ਨੇ ਪੁਸ਼ਟੀ ਕੀਤੀ ਹੈ।
ਸਿੰਗਲਾ ਜਥੇਬੰਦੀ ’ਚੋਂ ਬਰਖ਼ਾਸਤ
ਪਟਿਆਲਾ:ਪਟਿਆਲਾ ਵਿਚ ਮਾਰਚ ਕਰਨ ਦਾ ਐਲਾਨ ਕਰਨ ਵਾਲੇ ‌ਸ਼ਿਵ ਸੈਨਾ (ਬਾਲ ਠਾਕਰੇ) ਦੇ ਪ੍ਰਧਾਨ ਹਰੀਸ਼ ਸਿੰਗਲਾ ਨੂੰ ਜਥੇਬੰਦੀ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਐਲਾਨ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਹਰੀਸ਼ ਸਿੰਗਲਾ ਲਗਾਤਾਰ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਹੇ ਸਨ। ਇਸ ਕਰਕੇ ਉਸ ਨੂੰ ਜਥੇਬੰਦੀ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਪਟਿਆਲਾ ਦਾ ਸ਼ਾਂਤ ਮਾਹੌਲ ਖ਼ਰਾਬ ਕਰਨ ਦੀ ਕਥਿਤ ਸਾਜ਼ਿਸ਼ ਕਾਰਨ ਜਥੇਬੰਦੀ ਨੇ ਉਸ ਖ਼ਿਲਾਫ਼ ਕਾਰਵਾਈ ਕੀਤੀ ਹੈ। ਜਥੇਬੰਦੀ ’ਚੋਂ ਆਪਣੀ ਬਰਖ਼ਾਸਤਗੀ ’ਤੇ ਹਰੀਸ਼ ਸਿੰਗਲਾ ਨੇ ਕਿਹਾ ਕਿ ਯੋਗਰਾਜ ਸ਼ਰਮਾ ਕੋਲ ਉਸ ਨੂੰ ਬਰਖ਼ਾਸਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਸ ਨੇ ਕਿਹਾ ਕਿ ਸਿਰਫ਼ ਊਧਵ ਠਾਕਰੇ ਹੀ ਪਾਰਟੀ ਵਿਚੋਂ ਉਸ ਨੂੰ ਕੱਢ ਸਕਦੇ ਹਨ। ਹਰੀਸ਼ ਸਿੰਗਲਾ ਨੇ ਦਾਅਵਾ ਕੀਤਾ ਕਿ ਕਾਲੀ ਮਾਤਾ ਮੰਦਰ ਤੋਂ ਪਥਰਾਅ ਕਰਨ ਵਾਲੇ ਉਨ੍ਹਾਂ ਦੀ ਜਥੇਬੰਦੀ ਦੇ ਬੰਦੇ ਨਹੀਂ ਸਨ ਅਤੇ ਉਨ੍ਹਾਂ ਦਾ ਕਾਲੀ ਮਾਤਾ ਮੰਦਰ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਧਰ ਸ਼ਿਵ ਸੈਨਾ (ਹਿੰਦੁਸਤਾਨ) ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਮੰਦਰ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਸ਼ਾਂਤੀ ਬਣਾਈ ਰੱਖੀ ਜਾਵੇ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਵੱਡਾ ਸੰਤਾਪ ਹੰਢਾ ਚੁੱਕਿਆ ਹੈ।
ਖਾਲਿਸਤਾਨ ਵਿਰੋਧੀ ਮਾਰਚ ਕੱਢਣ ਵਾਲੇ ਸ਼ਿਵ ਸੈਨਾ (ਠਾਕਰੇ) ਜਥੇਬੰਦੀ ਦੇ ਆਗੂ ਹਰੀਸ਼ ਸਿੰਗਲਾ ਨੂੰ ਰਾਤ ਸਮੇਂ ਪੁਲੀਸ ਨੇ ਉਸ ਦੇ ਘਰੋਂ ਹਿਰਾਸਤ ’ਚ ਲੈ ਲਿਆ। ਪੁਲੀਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸਿੰਗਲਾ ਨੂੰ ਕਿਹੜੇ ਕੇਸ ’ਚ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਕਿਸੇ ਮਾਮਲੇ ਨੂੰ ਲੈ ਕੇ ਇੱਕ ਹਿੰਦੂ ਸੰਗਠਨ ਨਾਲ ਹੀ ਸਬੰਧਤ ਕੁਝ ਨੌਜਵਾਨਾਂ ਨੇ ਸਿੰਗਲਾ ’ਤੇ ਹਮਲਾ ਕਰ ਦਿੱਤਾ ਸੀ। ਨੌਜਵਾਨਾਂ ਨੇ ਉਸ ਦੀ ਕਾਰ ਦੀ ਭੰਨ-ਤੋੜ ਕੀਤੀ ਪਰ ਸਿੰਗਲਾ ਦੇ ਸੁਰੱਖਿਆ ਕਰਮੀ ਉਨ੍ਹਾਂ ਨੂੰ ਉਥੋਂ ਕੱਢ ਕੇ ਲੈ ਗਏ। ਹਮਲੇ ’ਚ ਇੱਕ ਏਐੱਸਆਈ ਦੇ ਸਿਰ ’ਚ ਸੱਟ ਵੱਜੀ ਹੈ। ਸਿੰਗਲਾ ’ਤੇ ਹੋਏ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Radio Mirchi