ਕੀਵ ਵਿੱਚ ਜ਼ੇਲੈਂਸਕੀ ਨੂੰ ਮਿਲਿਆ ਪੇਲੋਸੀ ਦੀ ਅਗਵਾਈ ਹੇਠਲਾ ਅਮਰੀਕੀ ਵਫ਼ਦ

ਕੀਵ ਵਿੱਚ ਜ਼ੇਲੈਂਸਕੀ ਨੂੰ ਮਿਲਿਆ ਪੇਲੋਸੀ ਦੀ ਅਗਵਾਈ ਹੇਠਲਾ ਅਮਰੀਕੀ ਵਫ਼ਦ

ਕੀਵ ਵਿੱਚ ਜ਼ੇਲੈਂਸਕੀ ਨੂੰ ਮਿਲਿਆ ਪੇਲੋਸੀ ਦੀ ਅਗਵਾਈ ਹੇਠਲਾ ਅਮਰੀਕੀ ਵਫ਼ਦ
ਕੀਵ-ਅਮਰੀਕਾ ’ਚ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਸ਼ਨਿਚਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਕਾਂਗਰਸ ਵਫ਼ਦ ਦੀ ਅਗਵਾਈ ਕਰ ਰਹੀ ਪੇਲੋਸੀ ਨੇ ਜ਼ੇਲੈਂਸਕੀ ਨੂੰ ਰੂਸ ਨਾਲ ਜੰਗ ਦਾ ਟਾਕਰਾ ਕਰਨ ’ਤੇ ਹੱਲਾਸ਼ੇਰੀ ਦਿੱਤੀ। ਗੱਲਬਾਤ ਮਗਰੋਂ ਉਹ ਪੋਲੈਂਡ ਲਈ ਰਵਾਨਾ ਹੋ ਗਈ ਜਿਥੇ ਉਹ ਅੱਜ ਅਧਿਕਾਰੀਆਂ ਨਾਲ ਮੁਲਕਾਤ ਕਰਨਗੇ। ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਕਿਸੇ ਸੀਨੀਅਰ ਆਗੂ ਦਾ ਇਹ ਪਹਿਲਾ ਯੂਕਰੇਨ ਦੌਰਾ ਹੈ। ਪੇਲੋਸੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ,‘‘ਸਾਡੇ ਵਫ਼ਦ ਨੇ ਕੀਵ ਦਾ ਦੌਰਾ ਕਰਕੇ ਪੂਰੀ ਦੁਨੀਆ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਅਮਰੀਕਾ, ਯੂਕਰੇਨ ਨਾਲ ਡਟ ਕੇ ਖੜ੍ਹਾ ਹੈ।’’ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦਫ਼ਤਰ ਵੱਲੋਂ ਜਾਰੀ ਤਸਵੀਰ ’ਚ ਪੇਲੋਸੀ ਅਤੇ ਅਮਰੀਕੀ ਵਫ਼ਦ ਦੇ ਮੈਂਬਰ ਕੀਵ ’ਚ ਦਿਖਾਈ ਦੇ ਰਹੇ ਹਨ। ਬਾਅਦ ’ਚ ਪੇਲੋਸੀ ਦੇ ਦਫ਼ਤਰ ਵੱਲੋਂ ਜਾਰੀ ਵੀਡੀਓ ’ਚ ਸਪੀਕਰ ਅਤੇ ਜ਼ੇਲੈਂਸਕੀ ਜੰਗ ’ਚ ਹਮਾਇਤ ਦੇਣ ਲਈ ਇਕ-ਦੂਜੇ ਨੂੰ ਧੰਨਵਾਦ ਦਿੰਦੇ ਦਿਖਾਈ ਦੇ ਰਹੇ ਹਨ। ਜ਼ੇਲੈਂਸਕੀ ਨੇ ਕਿਹਾ,‘‘ਅਸੀਂ ਇਕੱਠਿਆਂ ਇਹ ਜੰਗ ਜਿੱਤਾਂਗੇ।’’ ਪੇਲੋਸੀ ਨੇ ਕਿਹਾ,‘‘ਅਸੀਂ ਜੰਗ ’ਚ ਜਿੱਤ ਹੋਣ ਤੱਕ ਪੂਰੀ ਹਮਾਇਤ ਦੇਵਾਂਗੇ।’’ ਵਫ਼ਦ ’ਚ ਗ੍ਰੈਗਰੀ ਮੀਕਸ, ਐਡਮ ਸ਼ਿਫ, ਜਿਮ ਮੈਕਗਵਰਨ, ਜੇਸਨ ਕਰੋਅ, ਬਾਰਬਰਾ ਲੀ ਅਤੇ ਬਿਲ ਕੀਟਿੰਗ ਸ਼ਾਮਲ ਸਨ। ਇਸ ਦੌਰੇ ਦਾ ਪਹਿਲਾਂ ਐਲਾਨ ਨਹੀਂ ਕੀਤਾ ਗਿਆ ਸੀ। ਪੇਲੋਸੀ ਨੇ ਕਿਹਾ ਕਿ ਉਹ ਪੋਲੈਂਡ ਦੀ ਰਾਜਧਾਨੀ ਵਾਰਸਾ ’ਚ ਰਾਸ਼ਟਰਪਤੀ ਆਂਦਰਜ਼ੇਜ ਡੂਡਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ’ਚੋਂ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਪੋਲੈਂਡ ’ਚ ਪਨਾਹ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਪੋਲੈਂਡ ਵੱਲੋਂ ਦਿਖਾਏ ਸਮਰਪਣ ਅਤੇ ਮਾਨਵਤਾਵਾਦੀ ਰਵੱਈਏ ਲਈ ਉਨ੍ਹਾਂ ਦਾ ਧੰਨਵਾਦ ਕਰਨਗੇ। ਸ਼ਿਫ ਨੇ ਕਿਹਾ ਕਿ ਅਮਰੀਕੀ ਕਾਨੂੰਨਸਾਜ਼ਾਂ ਨੇ ਜ਼ੇਲੈਂਸਕੀ ਅਤੇ ਉਸ ਦੇ ਸਾਥੀਆਂ ਨਾਲ ਕਰੀਬ ਤਿੰਨ ਘੰਟਿਆਂ ਤੱਕ ਮੀਟਿੰਗ ਕਰਕੇ ਪਾਬੰਦੀਆਂ, ਹਥਿਆਰਾਂ ਅਤੇ ਹੋਰ ਸਹਾਇਤਾ ਬਾਰੇ ਗੱਲਬਾਤ ਕੀਤੀ। ਸ਼ਿਫ ਨੇ ਵਾਅਦਾ ਕੀਤਾ ਕਿ ਅਮਰੀਕਾ ਅਤੇ ਯੂਕਰੇਨ ਵਿਚਕਾਰ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨਾ ਜਾਰੀ ਰਹੇਗਾ। ਮੈਕਗਵਰਨ ਨੇ ਕਿਹਾ ਕਿ ਰੂਸ ਵੱਲੋਂ ਥੋਪੀ ਗਈ ਜੰਗ ਦੇ ਦੁਨੀਆ ਦੀ ਖੁਰਾਕ ਸਪਲਾਈ ’ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਸ ਜੰਗ ਦਾ ਅਸਰ ਗਰੀਬ ਲੋਕਾਂ ’ਤੇ ਵੀ ਪਵੇਗਾ।

Radio Mirchi