‘ਉਦਾਰ ਵਿਸ਼ਵ ਵਿਵਸਥਾ’ ਨੂੰ ਗੰਭੀਰ ਖ਼ਤਰਿਆਂ ਦਾ ਸਾਹਮਣਾ: ਬਾਇਡਨ

‘ਉਦਾਰ ਵਿਸ਼ਵ ਵਿਵਸਥਾ’ ਨੂੰ ਗੰਭੀਰ ਖ਼ਤਰਿਆਂ ਦਾ ਸਾਹਮਣਾ: ਬਾਇਡਨ
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਿਸ ‘ਉਦਾਰ ਵਿਸ਼ਵ ਵਿਵਸਥਾ’ ਨੇ ਆਲਮੀ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਦੀ ਨੀਂਹ ਰੱਖੀ ਸੀ, ਉਹ ਵਰਤਮਾਨ ਸਮੇਂ ‘ਗੰਭੀਰ ਖਤਰੇ ’ਚ ਹੈ’। ਵਾਈਟ ਹਾਊਸ ਵਿਚ ਅੱਜ ਬਾਇਡਨ ਨੇ ਮੀਡੀਆ ਕਰਮੀਆਂ ਨਾਲ ਪ੍ਰੈੱਸ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਇਸ ਮੌਕੇ 2500 ਤੋਂ ਵੱਧ ਮਹਿਮਾਨ ਹਾਜ਼ਰ ਸਨ ਜੋ ਕਿ ਵੱਖ-ਵੱਖ ਖੇਤਰਾਂ ਤੋਂ ਸਨ। ਅਮਰੀਕੀ ਰਾਸ਼ਟਰਪਤੀ ਨੇ ਛੇ ਸਾਲ ਬਾਅਦ ਵਾਈਟ ਹਾਊਸ ਪੱਤਰਕਾਰਾਂ ਦੀ ਐਸੋਸੀਏਸ਼ਨ ਦੇ ਸਾਲਾਨਾ ਰਾਤਰੀ ਭੋਜ ਵਿਚ ਹਿੱਸਾ ਲਿਆ ਹੈ। ਦੋ ਸਾਲ ਇਹ ਸਮਾਗਮ ਕਰੋਨਾਵਾਇਰਸ ਦੀਆਂ ਪਾਬੰਦੀਆਂ ਕਾਰਨ ਰੱਦ ਵੀ ਹੁੰਦਾ ਰਿਹਾ ਹੈ। ਪਿਛਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲੇ ਤਿੰਨ ਸਾਲ ਸਮਾਗਮ ਵਿਚ ਹਿੱਸਾ ਨਹੀਂ ਲਿਆ। ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਜਿਨ੍ਹਾਂ ਚੀਜ਼ਾਂ ਬਾਰੇ ਸਾਨੂੰ ਪਹਿਲਾਂ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਸੀ, ਉਨ੍ਹਾਂ ਲਈ ਹੀ ਹੁਣ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ’ਚ ਵੀ ਲੋਕਤੰਤਰ ’ਚ ਜ਼ਹਿਰ ਦੌੜ ਰਿਹਾ ਹੈ, ਝੂਠੀਆਂ ਸੂਚਨਾਵਾਂ ਦਾ ਜਾਲ ਫੈਲਦਾ ਹੀ ਜਾ ਰਿਹਾ ਹੈ। ਸੱਚ ਨੂੰ ਝੂਠ ਨਾਲ ਦੱਬਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਮੀਡੀਆ ਦਾ ਮਹੱਤਵ ਹੁਣ ਬਹੁਤ ਵਧ ਗਿਆ ਹੈ।