ਮਾਰੀਓਪੋਲ ਤੋਂ ਫ਼ੌਜ ਕੱਢ ਪੂਰਬੀ ਖੇਤਰ ’ਚ ਤਾਇਨਾਤ ਕਰਨ ਲੱਗਿਆ ਰੂਸ

ਮਾਰੀਓਪੋਲ ਤੋਂ ਫ਼ੌਜ ਕੱਢ ਪੂਰਬੀ ਖੇਤਰ ’ਚ ਤਾਇਨਾਤ ਕਰਨ ਲੱਗਿਆ ਰੂਸ
ਕੀਵ-ਜ਼ਿਕਰਯੋਗ ਹੈ ਕਿ ਰੂਸ ਨੇ ਜੰਗ ਦਾ ਕੇਂਦਰ ਹੁਣ ਲੁਹਾਂਸਕ ਤੇ ਡੋਨਬਾਸ ਖੇਤਰ ਨੂੰ ਬਣਾਇਆ ਹੋਇਆ ਹੈ। ਯੂਕਰੇਨ ਦੇ ਜਨਰਲ ਸਟਾਫ਼ ਨੇ ਕਿਹਾ ਕਿ ਰੂਸ ਦੀਆਂ ਕਈ ਬਟਾਲੀਅਨਾਂ ਨੂੰ ਉੱਥੇ ਭੇਜਿਆ ਗਿਆ ਹੈ। ਇਨ੍ਹਾਂ ਨੂੰ ਲੁਹਾਂਸਕ ਦੇ ਪੋਪਸਨਾ ਇਲਾਕੇ ਵਿਚ ਤਾਇਨਾਤ ਕੀਤਾ ਜਾਵੇਗਾ। ਇੱਥੇ ਰੂਸੀ ਫ਼ੌਜ ਯੂਕਰੇਨ ਦੀ ਰੱਖਿਆ ਕਤਾਰ ਨੂੰ ਤੋੜਨ ਦਾ ਯਤਨ ਕਰ ਰਹੀ ਹੈ। ਯੂਕਰੇਨ ਨੇ ਕਿਹਾ ਕਿ ਰੂਸ ਸਲੋਵਯਾਂਸਕ ਤੇ ਬਾਰਵਿਨਕੋਵ ਕਸਬਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨ ਦੇ ਫ਼ੌਜੀ ਮਾਮਲਿਆਂ ਦੇ ਇਕ ਮਾਹਿਰ ਨੇ ਕਿਹਾ ਕਿ ਮਾਰੀਓਪੋਲ ਤੋਂ ਫ਼ੌਜ ਕੱਢ ਜੰਗ ਦੇ ਹੋਰਨਾਂ ਮੋਰਚਿਆਂ ਦੇ ਤਾਇਨਾਤ ਕਰਨ ਦਾ ਮਤਲਬ ਹੈ ਕਿ ਰੂਸ ਉੱਥੇ ਬਹੁਤਾ ਅੱਗੇ ਨਹੀਂ ਵਧ ਸਕਿਆ ਹੈ।
ਜ਼ਾਪੋਰਿਜ਼ਜ਼ੀਆ ਵਿੱਚ ਇੱਕ ਰਜਿਸਟ੍ਰੇਸ਼ਨ ਕੇਂਦਰ ’ਤੇ ਪੁੱਜੀ
ਮਾਰੀਓਪੋਲ ਦੇ ਇਕ ਵੱਡੇ ਸਟੀਲ ਪਲਾਂਟ ’ਤੇ ਅਜੇ ਵੀ ਜ਼ੋਰਦਾਰ ਜੰਗ ਜਾਰੀ ਹੈ। ਯੂਕਰੇਨੀ ਬਲ ਉੱਥੇ ਰੂਸੀ ਫ਼ੌਜ ਨੂੰ ਜ਼ਬਰਦਸਤ ਟੱਕਰ ਦੇ ਰਹੇ ਹਨ। ਇੱਥੇ ਫਸੇ ਕਈ ਨਾਗਰਿਕਾਂ ਨੂੰ ਕੱਢਣ ਲਈ ਸੰਯੁਕਤ ਰਾਸ਼ਟਰ ਵੱਲੋਂ ਯੂਕਰੇਨ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਮੁਲਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਵੱਲੋਂ ਕੀਤੀ ਤਾਜ਼ਾ ਬੰਬਾਰੀ ਵਿਚ ਕਈ ਨਾਗਰਿਕ ਮਾਰੇ ਗਏ ਹਨ। ਲੁਹਾਂਸਕ ਖੇਤਰ ਵਿਚ ਤਿੰਨ ਜਣੇ ਮਾਰੇ ਗਏ ਹਨ ਤੇ ਤਿੰਨ ਜ਼ਖ਼ਮੀ ਹੋ ਗਏ ਹਨ। ਦੋਨੇਤਸਕ ਖੇਤਰ ਵਿਚ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।
ਡੈੱਨਮਾਰਕ ਵੱਲੋਂ ਰੂਸ ਦੇ ਰਾਜਦੂਤ ਦੀ ਜਵਾਬਤਲਬੀ
ਜਰਮਨੀ ਨੇ ਅੱਜ ਕਿਹਾ ਕਿ ਜੇ ਰੂਸ ਪਾਬੰਦੀਆਂ ਦੇ ਬਦਲੇ ਉਨ੍ਹਾਂ ਦੀ ਤੇਲ ਸਪਲਾਈ ਕੱਟ ਵੀ ਦਿੰਦਾ ਹੈ ਤਾਂ ਉਨ੍ਹਾਂ ਕੋਲ ਬਦਲਵੇਂ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਫ਼ਿਲਹਾਲ ਉਹ ਆਪਣੀ ਕੁੱਲ ਖ਼ਪਤ ਦਾ 12 ਪ੍ਰਤੀਸ਼ਤ ਹੀ ਰੂਸ ਤੋਂ ਦਰਾਮਦ ਕਰ ਰਹੇ ਹਨ। ਇਸੇ ਦੌਰਾਨ ਡੈੱਨਮਾਰਕ ਨੇ ਰੂਸ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਉਨ੍ਹਾਂ ਰੂਸੀ ਫ਼ੌਜ ਦੇ ਟੋਹੀ ਜਹਾਜ਼ ਵੱਲੋਂ ਡੈਨਿਸ਼ ਏਅਰਸਪੇਸ ਦੀ ਉਲੰਘਣਾ ਦਾ ਮੁੱਦਾ ਰਾਜਦੂਤ ਕੋਲ ਉਠਾ ਕੇ ਜਵਾਬ ਮੰਗਿਆ ਹੈ। ਏਐਨ-30 ਪ੍ਰੋਪੈਲਰ ਜਹਾਜ਼ 29 ਅਪਰੈਲ ਨੂੰ ਕੁਝ ਸਮੇਂ ਲਈ ਡੈੱਨਮਾਰਕ ਦੀ ਏਅਰਸਪੇਸ ਵਿਚ ਦਾਖਲ ਹੋ ਗਿਆ ਸੀ। ਯੂਰੋਪੀਅਨ ਯੂਨੀਅਨ ਦੇ ਆਗੂ ਬੁਲਗਾਰੀਆ ਤੇ ਪੋਲੈਂਡ ਨੂੰ ਰੂਸ ਵੱਲੋਂ ਬੰਦ ਕੀਤੀ ਗੈਸ ਸਪਲਾਈ ਬਾਰੇ ਵੀ ਵਿਚਾਰ-ਚਰਚਾ ਕਰ ਰਹੇ ਹਨ।