ਰੂਸ-ਯੂਕਰੇਨ ਜੰਗ ’ਚ ਕੋਈ ਵੀ ਜੇਤੂ ਨਹੀਂ ਹੋਵੇਗਾ: ਮੋਦੀ

ਰੂਸ-ਯੂਕਰੇਨ ਜੰਗ ’ਚ ਕੋਈ ਵੀ ਜੇਤੂ ਨਹੀਂ ਹੋਵੇਗਾ: ਮੋਦੀ
ਬਰਲਿਨ-ਭਾਰਤ ਵੱਲੋਂ ਹਮੇਸ਼ਾ ਸ਼ਾਂਤੀ ਦੀ ਵਕਾਲਤ ਕਰਨ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਰੂਸ-ਯੂਕਰੇਨ ਜੰਗ ’ਚ ਕੋਈ ਵੀ ਜੇਤੂ ਨਹੀਂ ਹੋਵੇਗਾ ਅਤੇ ਸਾਰਿਆਂ ਨੂੰ ਇਸ ਜੰਗ ਕਾਰਨ ਨੁਕਸਾਨ ਭੁਗਤਨਾ ਹੋਵੇਗਾ। ਜਰਮਨ ਚਾਂਸਲਰ ਓਲਫ਼ ਸ਼ੁਲਜ਼ ਨਾਲ ਇਥੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਯੂਕਰੇਨ ਸੰਕਟ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਹਮਲੇ ਤੁਰੰਤ ਰੋਕਣ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਸੀ ਕਿ ਸਿਰਫ਼ ਗੱਲਬਾਤ ਰਾਹੀਂ ਵਿਵਾਦ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਦੌਰਾਨ ਦੋਵੇਂ ਮੁਲਕਾਂ ਦੇ ਆਗੂਆਂ ਅਤੇ ਵਫ਼ਦ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਸਥਾਈ ਵਿਕਾਸ ’ਤੇ ਧਿਆਨ ਕੇਂਦਰਿਤ ਕਰਦਿਆਂ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਜਿਸ ਤਹਿਤ ਸਾਫ਼ ਊਰਜਾ ਦੀ ਵਰਤੋਂ ਨੂੰ 2030 ਤੱਕ ਉਤਸ਼ਾਹਿਤ ਕਰਨ ਲਈ ਭਾਰਤ ਨੂੰ 10.5 ਅਰਬ ਡਾਲਰ ਦੀ ਸਹਾਇਤਾ ਮਿਲੇਗੀ। ਇਸ ਦੇ ਨਾਲ ਖੇਤੀ ਸੈਕਟਰ ’ਚ ਕੁਦਰਤੀ ਵਸੀਲਿਆਂ ਦੇ ਸਥਾਈ ਪ੍ਰਬੰਧਨ ਅਤੇ ਖੇਤੀ ਵਿਗਿਆਨ ’ਚ ਸਹਿਯੋਗ ਦੇ ਸਮਝੌਤੇ ’ਤੇ ਵੀ ਦਸਤਖ਼ਤ ਹੋਏ ਹਨ। ਜਰਮਨੀ ਦੇ ਆਰਥਿਕ ਸਹਿਯੋਗ ਅਤੇ ਵਿਕਾਸ ਮੰਤਰਾਲੇ ਵੱਲੋਂ ਪ੍ਰਾਜੈਕਟਾਂ ਲਈ 2025 ਤੱਕ ਵਿੱਤ ਅਤੇ ਤਕਨੀਕੀ ਸਹਿਯੋਗ ਦੇਣ ਲਈ 30 ਕਰੋੜ ਯੂਰੋ ਪ੍ਰਦਾਨ ਕੀਤੇ ਜਾਣਗੇ।
ਸ੍ਰੀ ਮੋਦੀ ਨੇ ਕਿਹਾ,‘‘ਅਸੀਂ ਸਮਝਦੇ ਹਾਂ ਕਿ ਰੂਸ-ਯੂਕਰੇਨ ਜੰਗ ’ਚ ਕੋਈ ਵੀ ਜੇਤੂ ਨਹੀਂ ਹੋਵੇਗਾ ਅਤੇ ਸਾਰਿਆਂ ਨੂੰ ਇਸ ਦਾ ਨੁਕਸਾਨ ਹੋਵੇਗਾ। ਇਸ ਲਈ ਅਸੀਂ ਸ਼ਾਂਤੀ ਦੇ ਹਮਾਇਤੀ ਹਾਂ।’’ ਉਨ੍ਹਾਂ ਕਿਹਾ ਕਿ ਯੂਕਰੇਨ ਸੰਕਟ ਕਾਰਨ ਪੈਦਾ ਹੋਏ ਹਾਲਾਤ ਨਾਲ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ ਅਤੇ ਅਨਾਜ ਤੇ ਖਾਦਾਂ ਦੀ ਕਮੀ ਹੋ ਗਈ ਹੈ। ਜੰਗ ਕਾਰਨ ਦੁਨੀਆ ਦੇ ਹਰੇਕ ਪਰਿਵਾਰ ’ਤੇ ਬੋਝ ਵਧ ਗਿਆ ਹੈ। ਪ੍ਰਧਾਨ ਮੰਤਰੀ ਮੁਤਾਬਕ ਜੰਗ ਦਾ ਮਾੜਾ ਅਸਰ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ ’ਤੇ ਜ਼ਿਆਦਾ ਪਵੇਗਾ। ‘ਭਾਰਤ ਸੰਘਰਸ਼ ਕਾਰਨ ਮਾਨਵੀ ਹਾਲਾਤ ਬਾਰ ਵੀ ਫਿਕਰਮੰਦ ਹੈ।’ ਉਧਰ ਸ਼ੁਲਜ਼ ਨੇ ਕਿਹਾ ਕਿ ਰੂਸ ਨੇ ਯੂਕਰੇਨ ’ਤੇ ਹਮਲਾ ਕਰਕੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਜਰਮਨੀ ’ਚ ਹੋਣ ਜਾ ਰਹੇ ਜੀ-7 ਸਿਖਰ ਸੰਮੇਲਨ ’ਚ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ। ਇਸ ਤੋਂ ਪਹਿਲਾਂ ਅੰਤਰ-ਸਰਕਾਰੀ ਕੰਸਲਟੇਸ਼ਨ ਦੇ ਛੇਵੇਂ ਇਜਲਾਸ ਦੌਰਾਨ ਸ੍ਰੀ ਮੋਦੀ ਨੇ ਸ਼ੁਲਜ਼ ਨੂੰ ਭਾਰਤ ਦੀ ‘ਆਤਮਨਿਰਭਰ ਭਾਰਤ’ ਮੁਹਿੰਮ ’ਚ ਜਰਮਨੀ ਦੀ ਸ਼ਮੂਲੀਅਤ ਦਾ ਸੱਦਾ ਦਿੱਤਾ। ਦੋਵੇਂ ਆਗੂਆਂ ਨੇ ਦੁਵੱਲੇ ਸਬੰਧਾਂ ਸਮੇਤ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਭਾਰਤ-ਜਰਮਨੀ ਭਾਈਵਾਲੀ ਗੁੰਝਲਦਾਰ ਦੁਨੀਆ ’ਚ ਸਫ਼ਲਤਾ ਦੀ ਮਿਸਾਲ ਬਣ ਸਕਦੇ ਹਨ। ਮੀਟਿੰਗ ’ਚ ਹਿੱਸਾ ਲੈਂਦਿਆਂ ਦੋਵੇਂ ਮੁਲਕਾਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੇ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ। ਇਸ ’ਚ ਵਿਦੇਸ਼ ਮਾਮਲੇ ਤੇ ਸੁਰੱਖਿਆ, ਆਰਥਿਕਤਾ, ਵਿੱਤ ਨੀਤੀ, ਵਿਗਿਆਨ ਅਤੇ ਸਮਾਜਿਕ ਆਦਾਨ-ਪ੍ਰਦਾਨ, ਵਾਤਾਵਰਨ, ਸਥਾਈ ਵਿਕਾਸ ਅਤੇ ਊਰਜਾ ਆਦਿ ਸ਼ਾਮਲ ਹਨ। ਭਾਰਤ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਸਨਅਤਾਂ ਦੀ ਤਰੱਕੀ ਅਤੇ ਅੰਦਰੂਨੀ ਵਪਾਰ ਬਾਰੇ ਵਿਭਾਗ ਦੇ ਸਕੱਤਰ ਅਨੁਰਾਗ ਜੈਨ ਨੇ ਰਿਪੋਰਟਾਂ ਪੇਸ਼ ਕੀਤੀਆਂ। ਇਜਲਾਸ ਦੀ ਸਮਾਪਤੀ ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਸ਼ੁਲਜ਼ ਵੱਲੋਂ ਸਾਂਝੇ ਐਲਾਨਾਮੇ ’ਤੇ ਦਸਤਖ਼ਤਾਂ ਮਗਰੋਂ ਹੋਈ। ਸ੍ਰੀ ਮੋਦੀ ਦੇ ਅੱਜ ਸਵੇਰੇ ਬਰਲਿਨ ਪਹੁੰਚਣ ’ਤੇ ਚਾਂਸਲਰ ਸ਼ੁਲਜ਼ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਬਰਲਿਨ ਦੇ ਫੈਡਰਲ ਚਾਂਸਲਰੀ ’ਚ ਗਾਰਡ ਆਫ਼ ਆਨਰ ਦਿੱਤਾ ਗਿਆ। ਦੋਵੇਂ ਆਗੂਆਂ ਵਿਚਕਾਰ ਗੱਲਬਾਤ ਮਗਰੋਂ ਵਫ਼ਦ ਪੱਧਰੀ ਮੀਟਿੰਗ ਹੋਈ।