ਭਾਰਤ-ਨੌਰਡਿਕ ਮੁਲਕ ਮਿਲ ਕੇ ਬਹੁਤ ਕੁਝ ਹਾਸਲ ਕਰ ਸਕਦੇ ਨੇ: ਮੋਦੀ

ਭਾਰਤ-ਨੌਰਡਿਕ ਮੁਲਕ ਮਿਲ ਕੇ ਬਹੁਤ ਕੁਝ ਹਾਸਲ ਕਰ ਸਕਦੇ ਨੇ: ਮੋਦੀ

ਭਾਰਤ-ਨੌਰਡਿਕ ਮੁਲਕ ਮਿਲ ਕੇ ਬਹੁਤ ਕੁਝ ਹਾਸਲ ਕਰ ਸਕਦੇ ਨੇ: ਮੋਦੀ
ਕੋਪਨਹੈਗਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤੇ ਨੌਰਡਿਕ (ਯੂਰੋਪ ਦੇ ਉੱਤਰੀ ਹਿੱਸੇ ਵਿੱਚ ਵਸੇ) ਮੁਲਕ ਮਿਲ ਕੇ ਚੱਲਣ ਤਾਂ ਬਹੁਤ ਕੁਝ ਹਾਸਲ ਕਰਨ ਦੇ ਨਾਲ ਆਲਮੀ ਖ਼ੁਸ਼ਹਾਲੀ ਤੇ ਟਿਕਾਊ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਸ੍ਰੀ ਮੋਦੀ ਇਥੇ ਦੂਜੀ ਭਾਰਤ-ਨੌਰਡਿਕ ਸਿਖਰ ਵਾਰਤਾ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਾਰਤਾ ਵਿੱਚ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨੌਰਵੇ ਤੇ ਸਵੀਡਨ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹੋੲੇ। ਸਿਖਰ ਵਾਰਤਾ ਮੁੱਖ ਰੂਪ ਵਿੱਚ ਮਹਾਮਾਰੀ ਮਗਰੋਂ ਆਰਥਿਕ ਸੁਧਾਰ, ਜਲਵਾਯੂ ਪਰਿਵਰਤਨ, ਨਵਿਆਉਣਯੋਗ ਊਰਜਾ ਤੇ ਆਲਮੀ ਸੁਰੱਖਿਆ ਵਿੱਚ ਸਹਿਯੋਗ ਜਿਹੇ ਮੁੱਦਿਆਂ ’ਤੇ ਕੇਂਦਰਿਤ ਸੀ। ਵਾਰਤਾ ਦੌਰਾਨ ਯੂਕਰੇਨ ਸੰਕਟ ਦੇ ਵਿਆਪਕ ਖੇਤਰੀ ਅਤੇ ਆਲਮੀ ਅਸਰ ਬਾਰੇ ਵੀ ਚਰਚਾ ਕੀਤੀ ਗਈ। ਸਾਰੀਆਂ ਸਬੰਧਤ ਧਿਰਾਂ ਨੇ ਇਸ ਮੁੱਦੇ ’ਤੇ ਨੇੜਿਓਂ ਰਾਬਤਾ ਬਣਾ ਕੇ ਰੱਖਣ ਦੀ ਸਹਿਮਤੀ ਦਿੱਤੀ। ਇਕ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀਆਂ ਨੇ ਯੂਕਰੇਨ ਵਿੱਚ ਜਾਰੀ ਮਾਨਵੀ ਸੰਕਟ ਨੂੰ ਲੈ ਕੇ ਗੰਭੀਰ ਫਿਕਰ ਜ਼ਾਹਿਰ ਕੀਤੇ। ਪਹਿਲੀ ਭਾਰਤ-ਨੌਰਡਿਕ ਵਾਰਤਾ ਸਾਲ 2018 ਵਿੱਚ ਸਟਾਕਹੋਮ ਵਿੱਚ ਹੋਈ ਸੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਰਵੇ, ਸਵੀਡਨ, ਆਈਸਲੈਂਡ ਤੇ ਫ਼ਿਨਲੈਂਡ ਦੇ ਆਪਣੇ ਹਮਰੁਤਬਾਵਾਂ ਨਾਲ ਲੜੀਵਾਰ ਦੁਵੱਲੀਆਂ ਮੀਟਿੰਗਾਂ ਕੀਤੀਆਂ। ਉਨ੍ਹਾਂ ਦੁਵੱਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਸਣੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਆਪਣੀ ਵਿਦੇਸ਼ ਯਾਤਰਾ ਦੇ ਦੂਜੇ ਪੜਾਅ ਤਹਿਤ ਬਰਲਿਨ ਤੋਂ ਇਥੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ ਡੈਨਮਾਰਕ ਦੀ ਰਾਜਧਾਨੀ ਵਿੱਚ ਦੂਜੀ ਭਾਰਤ-ਨੌਰਡਿਕ ਸਿਖਰ ਵਾਰਤਾ ਤੋਂ ਇਕ ਪਾਸੇ ਨੌਰਡਿਕ ਦੇ ਆਗੂਆਂ ਨਾਲ ਵੱਖੋ-ਵੱਖਰੀਆਂ ਮੁਲਾਕਾਤਾਂ ਕੀਤੀਆਂ। ਸ੍ਰੀ ਮੋਦੀ ਨੇ ਅੱਜ ਦਿਨ ਦਾ ਆਗਾਜ਼ ਨੌਰਵੇ ਦੇ ਆਪਣੇ ਹਮਰੁਤਬਾ ਜੋਨਸ ਗਾਹਰ ਨਾਲ ਮੀਟਿੰਗ ਤੋਂ ਕੀਤਾ। ਦੋਵਾਂ ਆਗੂਆਂ ਨੇ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਰਿਸ਼ਤਿਆਂ ਨੂੰ ਲੈ ਕੇ ਚਰਚਾ ਕੀਤੀ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਨੌਰਵੇ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਾਫੀ ਲਾਭਕਾਰੀ ਰਹੀ। ਸਾਡੀ ਗੱਲਬਾਤ ਵਿੱਚ ਬਲੂ ਇਕਾਨਮੀ, ਸਾਫ਼ ਊਰਜਾ, ਪੁਲਾੜ, ਸਿਹਤ ਸੰਭਾਲ ਤੇ ਹੋਰ ਕਈ ਸੈਕਟਰਾਂ ਵਿੱਚ ਸਹਿਯੋਗ ਜਿਹੇ ਮੁੱਦੇ ਸ਼ਾਮਲ ਸਨ। ਨੌਰਵੇ ਉੱਤਰੀ ਧਰੁਵ (ਆਰਕਟਿਕ) ਬਾਰੇ ਭਾਰਤ ਵੱਲੋਂ ਐਲਾਨੀ ਹਾਲੀਆ ਨੀਤੀ ਲਈ ਅਹਿਮ ਥੰਮ੍ਹ ਹੈ।’’ ਦੋਵਾਂ ਆਗੂਆਂ ਵਿਚਾਲੇ ਇਹ ਪਲੇਠੀ ਮੀਟਿੰਗ ਸੀ। ਵਿਦੇਸ਼ ਮੰਤਰਾਲੇ ਕਿਹਾ ਕਿ ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਰਿਸ਼ਤਿਆਂ ਨੂੰ ਲੈ ਕੇ ਚੱਲ ਰਹੀਆਂ ਮੌਜੂਦਾ ਸਰਗਰਮੀਆਂ ’ਤੇ ਨਜ਼ਰਸਾਨੀ ਤੋਂ ਇਲਾਵਾ ਸਹਿਯੋਗ ਲਈ ਭਵਿੱਖੀ ਖੇਤਰਾਂ ਬਾਰੇ ਵਿਚਾਰ ਚਰਚਾ ਕੀਤੀ।
ਸ੍ਰੀ ਮੋਦੀ ਸਵੀਡਨ ਦੇ ਆਪਣੇ ਹਮਰੁਤਬਾ ਮੈਗਡਾਲੇਨਾ ਐਂਡਰਸਨ ਨੂੰ ਵੀ ਮਿਲੇ। ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਤੇ ਸਾਂਝੇ ਐਕਸ਼ਨ ਪਲਾਨ ਦੀ ਪ੍ਰਗਤੀ ਬਾਰੇ ਢੰਗ ਤਰੀਕਿਆਂ ’ਤੇ ਚਰਚਾ ਕੀਤੀ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਅਸੀਂ ਸੁਰੱਖਿਆ, ਆਈਟੀ, ਖੋਜ ਤੇ ਨਵੀਆਂ ਕਾਢਾਂ ਜਿਹੇ ਅਹਿਮ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੇ ਢੰਗ-ਤਰੀਕਿਆਂ ’ਤੇ ਚਰਚਾ ਕੀਤੀ। ਦੋਵਾਂ ਮੁਲਕਾਂ ਵਿਚਾਲੇ ਮਜ਼ਬੂਤ ਰਿਸ਼ਤਿਆਂ ਨਾਲ ਸਾਡੇ ਲੋਕਾਂ ਨੂੰ ਫਾਇਦਾ ਹੋਵੇਗਾ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2018 ਵਿੱਚ ਸਵੀਡਨ ਫੇਰੀ ਦੌਰਾਨ ਦੋਵਾਂ ਧਿਰਾਂ ਨੇ ਰੱਖਿਆ, ਵਪਾਰ ਤੇ ਨਿਵੇਸ਼, ਨਵਿਆਉਣਯੋਗ ਊਰਜਾ, ਸਮਾਰਟ ਸਿਟੀਜ਼, ਮਹਿਲਾ ਹੁਨਰ ਵਿਕਾਸ, ਪੁਲਾੜ ਤੇ ਵਿਗਿਆਨ ਅਤੇ ਸਿਹਤ ਸੰਭਾਲ ਜਿਹੇ ਖੇਤਰਾਂ ਵਿੱਚ ਨਵੀਆਂ ਪਹਿਲਕਦਮੀਆਂ ਲਈ ਸਾਂਝਾ ਐਕਸ਼ਨ ਪਲਾਨ ਅਪਣਾਇਆ ਸੀ। ਇਕ ਵੱਖਰੀ ਮੀਟਿੰਗ ਵਿੱਚ ਸ੍ਰੀ ਮੋਦੀ ਨੇ ਆਈਸਲੈਂਡ ਦੇ ਪ੍ਰਧਾਨ ਮੰਤਰੀ ਕੈਟਰਿਨ ਜੈਕਬਸਦੋਤਿਰ ਨਾਲ ਜੀਓਥਰਮਲ ਊਰਜਾ, ਬਲੂ ਇਕਾਨਮੀ, ਆਰਕਟਿਕ, ਨਵਿਆਉਣਯੋਗ ਊਰਜਾ, ਮੱਛੀ ਪਾਲਣ, ਫੂਡ ਪ੍ਰੋਸੈਸਿੰਗ, ਡਿਜੀਟਲ ਯੂਨੀਵਰਸਿਟੀਆਂ ਸਣੇ ਸਿੱਖਿਆ ਤੇ ਸਭਿਆਚਾਰ ਜਿਹੇ ਸੈਕਟਰਾਂ ਵਿੱਚ ਆਰਥਿਕ ਸਹਿਯੋਗ ਨੂੰ ਮਜ਼ਬੂਤ ਬਣਾਉਣ ਬਾਰੇ ਚਰਚਾ ਕੀਤੀ। ਸ੍ਰੀ ਮੋਦੀ ਨੇ ਜੈਕਬ ਵੱਲੋਂ ਲਿੰਗ ਸਮਾਨਤਾ ਲਈ ਕੀਤੇ ਨਿੱਜੀ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਭਾਰਤ-ਯੂਰੋਪ ਮੁਕਤ ਵਪਾਰ ਐਸੋਸੀਏਸ਼ਨ (ਈਐੱਫਟੀਏ) ਵਪਾਰ ਵਾਰਤਾ ਨੂੰ ਤੇਜ਼ ਕਰਨ ’ਤੇ ਵੀ ਚਰਚਾ ਹੋਈ। ਮੋਦੀ ਮਗਰੋਂ ਫਿਨਲੈਂਡ ਦੇ ਆਪਣੇ ਹਮਰੁਤਬਾ ਸਨਾ ਮਾਰਿਨ ਨੂੰ ਵੀ ਮਿਲੇ ਅਤੇ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਭਾਰਤ ਦਾ ਨੌਰਡਿਕ ਮੁਲਕਾਂ ਨਾਲ 5 ਅਰਬ ਡਾਲਰ ਤੋਂ ਵੱਧ ਦਾ ਵਪਾਰ ਕਰਦਾ ਹੈ। 

Radio Mirchi