ਯੂਕਰੇਨ ’ਚ ਹਥਿਆਰਾਂ ਦੀ ਸਪਲਾਈ ਨੂੰ ਨਿਸ਼ਾਨਾ ਬਣਾ ਰਿਹੈ ਰੂਸ

ਯੂਕਰੇਨ ’ਚ ਹਥਿਆਰਾਂ ਦੀ ਸਪਲਾਈ ਨੂੰ ਨਿਸ਼ਾਨਾ ਬਣਾ ਰਿਹੈ ਰੂਸ
ਲਵੀਵ-ਰੂਸੀ ਫ਼ੌਜ ਨੇ ਅੱਜ ਪੂਰੇ ਯੂਕਰੇਨ ਵਿਚ ਹਮਲੇ ਕੀਤੇ ਹਨ। ਉਨ੍ਹਾਂ ਪੱਛਮੀ ਮੁਲਕਾਂ ਵੱਲੋਂ ਯੂਕਰੇਨ ਨੂੰ ਕੀਤੀ ਜਾ ਰਹੀ ਹਥਿਆਰਾਂ ਦੀ ਸਪਲਾਈ ਨੂੰ ਵੀ ਨਿਸ਼ਾਨਾ ਬਣਾਇਆ ਹੈ। ਜੰਗ ਦਾ ਕੇਂਦਰ ਹੁਣ ਯੂਕਰੇਨ ਦਾ ਪੂਰਬੀ ਖੇਤਰ ਬਣਿਆ ਹੋਇਆ ਹੈ।
ਇਸੇ ਦੌਰਾਨ ਯੂਰੋਪੀਅਨ ਯੂਨੀਅਨ ਨੇ ਮਾਸਕੋ ਉਤੇ ਹੋਰ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਹੈ। ਯੂਰੋਪੀਅਨ ਯੂਨੀਅਨ ਨੇ ਰੂਸ ਤੋਂ ਤੇਲ ਦਰਾਮਦ ਨਾ ਕਰਨ ਦੀ ਤਜਵੀਜ਼ ਰੱਖੀ ਹੈ। ਰੂਸੀ ਫ਼ੌਜ ਨੇ ਅੱਜ ਦੱਸਿਆ ਕਿ ਯੂਕਰੇਨ ਵਿਚ ਪੰਜ ਰੇਲਵੇ ਸਟੇਸ਼ਨਾਂ ਦੀ ਬਿਜਲੀ ਸਪਲਾਈ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਜਦਕਿ ਆਰਟਿਲਰੀ ਤੇ ਲੜਾਕੂ ਜਹਾਜ਼ਾਂ ਨੇ ਯੂਕਰੇਨੀ ਫ਼ੌਜ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਹੈ।
ਰੂਸ ਨੇ ਯੂਕਰੇਨ ਦੇ ਅਸਲ ਡਿਪੂਆਂ ਨੂੰ ਤਬਾਹ ਕਰਨ ਦਾ ਦਾਅਵਾ ਵੀ ਕੀਤਾ ਹੈ। ਕਈ ਦਿਨਾਂ ਤੱਕ ਟਕਰਾਅ ਦਾ ਕੇਂਦਰ ਬਣੇ ਰਹੇ ਮਾਰੀਓਪੋਲ ਦੇ ਸਟੀਲ ਪਲਾਂਟ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਪੂਰਬੀ ਡੋਨਬਾਸ ਖੇਤਰ ਵਿਚ 21 ਨਾਗਰਿਕਾਂ ਦੀ ਹਮਲਿਆਂ ਵਿਚ ਮੌਤ ਹੋ ਗਈ ਹੈ। ਰੂਸ ਦੇ ਕੁਝ ਹਮਲੇ ਲਵੀਵ ਦੁਆਲੇ ਕੇਂਦਰਿਤ ਹਨ ਜੋ ਕਿ ਪੋਲੈਂਡ ਦੇ ਬਾਰਡਰ ਨਾਲ ਲੱਗਦਾ ਹੈ।
‘ਨਾਟੋ’ ਇੱਥੋਂ ਹੀ ਯੂਕਰੇਨ ਨੂੰ ਜ਼ਿਆਦਾਤਰ ਅਸਲਾ ਸਪਲਾਈ ਕਰ ਰਿਹਾ ਹੈ। ਸ਼ਹਿਰ ਵਿਚ ਕਈ ਧਮਾਕੇ ਸੁਣੇ ਗਏ ਹਨ। ਰੂਸ ਵੱਲੋਂ ਰੇਲਵੇ ਸਟੇਸ਼ਨਾਂ ਦੀ ਬਿਜਲੀ ਸਪਲਾਈ ਤੋੜਨ ਦਾ ਮੰਤਵ ਯੂਕਰੇਨ ਨੂੰ ਪੱਛਮ ਤੋਂ ਹੋ ਰਹੀ ਹੈ ਹਥਿਆਰਾਂ ਦੀ ਸਪਲਾਈ ਰੋਕਣਾ ਹੈ। ਇਸੇ ਦੌਰਾਨ ਡੋਨਬਾਸ ਵਿਚ ਪੈਂਦੇ ਦੋਨੇਤਸਕ ਵਿਚ 21 ਜਣੇ ਹਮਲਿਆਂ ’ਚ ਮਾਰੇ ਗਏ ਹਨ। ਰੂਸ ਪੱਖੀ ਵੱਖਵਾਦੀਆਂ ਦੀ ਵੱਡੀ ਗਿਣਤੀ ਵਾਲੇ ਡੋਨਬਾਸ ਵਿਚ ਯੂਕਰੇਨੀ ਫ਼ੌਜ ਰੂਸ ਨੂੰ ਤਕੜੀ ਟੱਕਰ ਦੇ ਰਹੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਮਾਸਕੋ ਨਾਲ ਅਜਿਹਾ ਕੋਈ ਗੋਲੀਬੰਦੀ ਸਮਝੌਤਾ ਪ੍ਰਵਾਨ ਨਹੀਂ ਕਰੇਗਾ, ਜਿਸ ਵਿਚ ਰੂਸੀ ਫ਼ੌਜਾਂ ਨੂੰ ਕਬਜ਼ੇ ਵਾਲੇ ਖੇਤਰਾਂ ਵਿਚ ਟਿਕੇ ਰਹਿਣ ਦੀ ਇਜਾਜ਼ਤ ਮਿਲਦੀ ਹੋਵੇ।