ਲਾਊਡਸਪੀਕਰਾਂ ਨਾਲ ਜੁੜਿਆ ਮਸਲਾ ਧਾਰਮਿਕ ਨਹੀਂ ਸਮਾਜਿਕ: ਰਾਜ ਠਾਕਰੇ

ਲਾਊਡਸਪੀਕਰਾਂ ਨਾਲ ਜੁੜਿਆ ਮਸਲਾ ਧਾਰਮਿਕ ਨਹੀਂ ਸਮਾਜਿਕ: ਰਾਜ ਠਾਕਰੇ

ਲਾਊਡਸਪੀਕਰਾਂ ਨਾਲ ਜੁੜਿਆ ਮਸਲਾ ਧਾਰਮਿਕ ਨਹੀਂ ਸਮਾਜਿਕ: ਰਾਜ ਠਾਕਰੇ
ਨਵੀਂ ਦਿੱਲੀ-ਮਹਾਰਾਸ਼ਟਰ ਨਵਨਿਰਮਾਣ ਸੈਨਾ ਐੱਮਐੱਨਐੱਸ ਦੇ ਮੁਖੀ ਰਾਜ ਠਾਕਰੇ ਨੇ ਕਿਹਾ ਕਿ ਭਜਨ-ਬੰਦਗੀ ਵਾਲੀਆਂ ਥਾਵਾਂ ਦੇ ਬਾਹਰ ਲਾਊਡਸਪੀਕਰਾਂ ਨਾਲ ਜੁੜਿਆ ਮੁੱਦਾ ਧਾਰਮਿਕ ਨਹੀਂ ਬਲਕਿ ਸਮਾਜਿਕ ਹੈ। ਉਨ੍ਹਾਂ ਕਿਹਾ ਕਿ ਲਾਊਡਸਪੀਕਰਾਂ ਦੀ ਆਵਾਜ਼ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੋਣੀ ਚਾਹੀਦੀ ਹੈ ਅਤੇ ਜਦੋਂ ਤੱਕ ਮਸਜਿਦਾਂ ਵਿੱਚ ਲੱਗੇ ਲਾਊਡਸਪੀਕਰ ਖਾਮੋਸ਼ ਨਹੀਂ ਹੁੰਦੇ, ਉਨ੍ਹਾਂ ਦੀ ਪਾਰਟੀ ਦੇ ਵਰਕਰ ਉੱਚੀ ਆਵਾਜ਼ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਰਹਿਣਗੇ। 
ਇਸ ਦੌਰਾਨ ਮੁੰਬਈ ਪੁਲੀਸ ਨੇ ਰਾਜ ਠਾਕਰੇ ਦੀ ਰਿਹਾਇਸ਼ ਦੇ ਬਾਹਰ ਇਕੱਤਰ ਐੱਮਐੱਨਐੱਸ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਣੇ ਵਿੱਚ ਪੁਲੀਸ ਨੇ ਦੋ ਸੌ ਐੱਮਐੱਨਐੱਸ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਠਾਣੇ ਵਿੱਚ 12 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਠਾਕਰੇ ਨੇ ਕਿਹਾ, ‘ਇਹ ਸਿਰਫ਼ ਮਸਜਿਦਾਂ ਨਾਲ ਜੁੜਿਆ ਮੁੱਦਾ ਨਹੀਂ ਹੈ। ਕਈ ਮੰਦਰ ਵੀ ਹਨ, ਜਿੱਥੇ ਲਾਊਡਸਪੀਕਰ ਗੈਰਕਾਨੂੰਨੀ ਤੌਰ ’ਤੇ ਵਜਦੇ ਹਨ। ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹਾਂ ਕਿ ਇਹ (ਗੈਰਕਾਨੂੰਨੀ ਲਾਊਡਸਪੀਕਰ) ਧਾਰਮਿਕ ਨਹੀਂ ਬਲਕਿ ਸਮਾਜਿਕ ਮਸਲਾ ਹੈ। ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਰਾਜ ਠਾਕਰੇ ਨੇ ਕਿਹਾ, ‘‘ਅਸੀਂ ਸੂਬੇ ’ਚ ਅਮਨ ਚਾਹੁੰਦੇ ਹਾਂ। ਪਰ ਤੁਸੀਂ (ਸਰਕਾਰ/ਪੁਲੀਸ) ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੀਆਂ 135 ਮਸਜਿਦਾਂ ਖਿਲਾਫ਼ ਕੀ ਕਾਰਵਾਈ ਕੀਤੀ ਹੈ। ਤੁਸੀਂ (ਪੁਲੀਸ) ਸਿਰਫ਼ ਸਾਡੇ ਵਰਕਰਾਂ ਖਿਲਾਫ਼ ਹੀ ਕਾਰਵਾਈ ਕਰ ਰਹੇ ਹੋ।’’
ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਠਾਕਰੇ ਨੇ ਦਾਅਵਾ ਕੀਤਾ ਕਿ ਮਸਜਿਦਾਂ ਦੇ ਬਾਹਰ ਹਨੂਮਾਨ ਚਾਲੀਸਾ ਵਜਾਉਣ ਦੇ ਦਿੱਤੇ ਸੱਦੇ ਮਗਰੋਂ 90 ਤੋਂ 92 ਫੀਸਦ ਮਸਜਿਦਾਂ ਵਿੱਚ ਸਵੇਰ ਦੀ ਆਜ਼ਾਨ ਲਈ ਲਾਊਡਸਪੀਕਰਾਂ ਦੀ ਵਰਤੋਂ ਬੰਦ ਹੋ ਗਈ ਹੈ। ਐੱਮਐੱਨਐੱਸ ਮੁਖੀ ਨੇ ਕਿਹਾ ਕਿ ਮੁੰਬਈ ਵਿੱਚ 1104 ਮਸਜਿਦਾਂ ਹਨ, ਜਿਨ੍ਹਾਂ ਵਿੱਚੋਂ 135 ਨੇ ਅੱਜ ਸਵੇਰ ਦੀ ਨਮਾਜ਼ ਲਈ ਲਾਊਡਸਪੀਕਰਾਂ ਦੀ ਵਰਤੋਂ ਕੀਤੀ। ਠਾਕਰੇ ਨੇ ਕਿਹਾ, ‘‘ਇਹ ਮੁੱਦਾ ਸਿਰਫ਼ ਸਵੇਰ ਦੀ ਆਜ਼ਾਨ ਤੱਕ ਸੀਮਤ ਨਹੀਂ ਹੈ। ਜੇਕਰ ਨਮਾਜ਼ ਲਈ ਦਿਨ ਵਿੱਚ ਚਾਰ-ਪੰਜ ਵਾਰ ਲਾਊਡਸਪੀਕਰ ਵਰਤਿਆ ਜਾਂਦਾ ਹੈ ਤਾਂ ਸਾਡੇ ਲੋਕ ਇਸ ਤੋਂ ਦੁੱਗਣੀ ਆਵਾਜ਼ ਵਿੱਚ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਜਾਰੀ ਰੱਖਣਗੇ। ਇਹ (ਮੁਜ਼ਾਹਰਾ) ਇਕ ਦਿਨ ਲਈ ਸੀਮਤ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਕੋਈ ਮੰਦਿਰ ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਨੇਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਜੇਕਰ ਮਸਜਿਦਾਂ ਨੇ ਲਾਊਡਸਪੀਕਰਾਂ ਦੀ ਵਰਤੋਂ ਕਰਨੀ ਹੈ ਤਾਂ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਡੈਸੀਬਲ ਸੀਮਾ ਦੀ ਪਾਲਣਾ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਅੱਜ ਦਿਨੇ ਮੁੰਬਈ ਪੁਲੀਸ ਨੇ ਰਾਜ ਠਾਕਰੇ ਦੀ ਰਿਹਾਇਸ਼ ਦੇ ਬਾਹਰ ਇਕੱਤਰ ਐੱਮਐੱਨਐੱਸ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। 

Radio Mirchi