ਪਾਕਿਸਤਾਨ ਚ ਮੀਡੀਆ ਅਤੇ ਸਿਵਲ ਸੁਸਾਇਟੀ ਤੇ ਪਾਬੰਦੀਆਂ ਤੋਂ ਜਾਣੂ ਹੈ ਅਮਰੀਕਾ : ਬਲਿੰਕਨ

ਪਾਕਿਸਤਾਨ ਚ ਮੀਡੀਆ ਅਤੇ ਸਿਵਲ ਸੁਸਾਇਟੀ ਤੇ ਪਾਬੰਦੀਆਂ ਤੋਂ ਜਾਣੂ ਹੈ ਅਮਰੀਕਾ : ਬਲਿੰਕਨ
ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀਆਂ ਪਾਕਿਸਤਾਨ ਦੇ ਅਕਸ ਅਤੇ ਉਸ ਦੀ ਤਰੱਕੀ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰਦੀਆਂ ਹਨ। ਮੰਗਲਵਾਰ ਨੂੰ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ 'ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਬਲਿੰਕਨ ਨੇ ਕਿਹਾ ਕਿ ਅਮਰੀਕੀ ਸਰਕਾਰ ਪਾਕਿਸਤਾਨ ਵਿਚ ਮੀਡੀਆ ਆਉਟਲੈਟਾਂ ਅਤੇ ਸਿਵਲ ਸੁਸਾਇਟੀ 'ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਜਾਣੂ ਹੈ ਅਤੇ ਇਸ ਮੁੱਦੇ 'ਤੇ ਉਹਨਾਂ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਚਰਚਾ ਕੀਤੀ ਹੈ।
ਇੱਕ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਜਾਣ 'ਤੇ ਕੀ ਪਾਕਿਸਤਾਨ ਨੂੰ ਅਜੇ ਵੀ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਸਥਾਨ ਮੰਨਿਆ ਜਾਂਦਾ ਹੈ, ਦੇ ਜਵਾਬ ਵਿਚ ਬਲਿੰਕਨ ਨੇ ਕਿਹਾ ਕਿ ਇੱਕ ਜੀਵੰਤ ਆਜ਼ਾਦ ਪ੍ਰੈਸ, ਇੱਕ ਸੂਝਵਾਨ ਨਾਗਰਿਕ ਪਾਕਿਸਤਾਨ ਅਤੇ ਇਸਦੇ ਭਵਿੱਖ ਸਮੇਤ ਕਿਸੇ ਵੀ ਦੇਸ਼ ਲਈ ਮਹੱਤਵਪੂਰਨ ਹਨ। ਅਤੇ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਵਿਚ ਜੋ ਕੁਝ ਹੋ ਰਿਹਾ ਹੈ। ਉਹ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਕਰਦਾ ਹੈ। ਪੱਤਰਕਾਰ ਨੇ ਪੁੱਛਿਆ ਕਿ ਪਿਛਲੇ ਸਾਲ ਅਪਰਾਧ ਅਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਅਤੇ ਕੁਝ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਲਈ ਕਈ ਪਾਕਿਸਤਾਨੀ ਪੱਤਰਕਾਰਾਂ ਨੂੰ ਮਾਰ ਦਿੱਤਾ ਗਿਆ, ਉਨ੍ਹਾਂ ਨੂੰ ਅਗਵਾ ਕੀਤਾ ਗਿਆ ਅਤੇ ਉਨ੍ਹਾਂ 'ਤੇ ਤਸ਼ੱਦਦ ਕੀਤਾ ਗਿਆ। ਉਸ ਨੇ ਪੁੱਛਿਆ ਕੀ ਵਿਦੇਸ਼ ਵਿਭਾਗ ਨੇ ਕਦੇ ਪਾਕਿਸਤਾਨੀ ਅਧਿਕਾਰੀਆਂ ਨਾਲ ਦੁਵੱਲੀ ਗੱਲਬਾਤ ਵਿੱਚ ਇਹ ਮੁੱਦਾ ਉਠਾਇਆ ਹੈ?" ਇਸ ਦੇ ਜਵਾਬ ਵਿੱਚ ਬਲਿੰਕਨ ਨੇ ਕਿਹਾ ਕਿ "ਛੋਟਾ ਜਵਾਬ ਹਾਂ ਹੈ, ਅਸੀਂ ਪਾਕਿਸਤਾਨੀ ਹਮਰੁਤਬਾ ਨਾਲ ਮੀਟਿੰਗਾਂ ਵਿੱਚ ਇਸ ਮੁੱਦੇ ਨੂੰ ਉਠਾਉਂਦੇ ਹਾਂ।"