ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤਿੰਨ ਰਾਜਾਂ ਦੀ ਪੁਲੀਸ ਆਹਮੋ-ਸਾਹਮਣੇ

ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤਿੰਨ ਰਾਜਾਂ ਦੀ ਪੁਲੀਸ ਆਹਮੋ-ਸਾਹਮਣੇ
ਨਵੀਂ ਦਿੱਲੀ-ਭਾਜਪਾ ਦੀ ਦਿੱਲੀ ਇਕਾਈ ਦੇ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲੀਸ ਵੱਲੋਂ ਅੱਜ ਘਰ ’ਚੋਂ ਗ੍ਰਿਫ਼ਤਾਰ ਕਰਨ ਮਗਰੋਂ ਜਦੋਂ ਪੰਜਾਬ ਲਿਜਾਇਆ ਜਾ ਰਿਹਾ ਸੀ ਤਾਂ ਪੰਜਾਬ ਪੁਲੀਸ ਦੀ ਟੀਮ ਨੂੰ ਹਰਿਆਣਾ ਦੇ ਪਿਪਲੀ ’ਚ ਰੋਕ ਲਿਆ ਗਿਆ। ਕੁਝ ਘੰਟਿਆਂ ਬਾਅਦ ਦਿੱਲੀ ਪੁਲੀਸ ਦੀ ਟੀਮ ਬੱਗਾ ਨੂੰ ਕੌਮੀ ਰਾਜਧਾਨੀ ਵਾਪਸ ਲੈ ਆਈ। ਦਿੱਲੀ ਪੁਲੀਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬੱਗਾ ਦੀ ਗ੍ਰਿਫ਼ਤਾਰੀ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਜਦਕਿ ਪੰਜਾਬ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਇੱਕ ਟੀਮ ਬੀਤੀ ਸ਼ਾਮ ਤੋਂ ਜਨਕਪੁਰੀ ਥਾਣੇ ਵਿੱਚ ਮੌਜੂਦ ਸੀ। ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਦਿੱਲੀ ਪੁਲੀਸ ਦੀਆਂ ਟੀਮਾਂ ਵਿਚਕਾਰ ਅੱਜ ਇਹ ਨਾਟਕੀ ਘਟਨਾਕ੍ਰਮ ਵਾਪਰਿਆ ਜਿਸ ’ਤੇ ਭਾਜਪਾ ਅਤੇ ‘ਆਪ’ ਮਿਹਣੋ-ਮਿਹਣੀ ਹੋ ਗਏ। ਭਾਜਪਾ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਨੇ ਉਨ੍ਹਾਂ ਦੇ ਆਗੂ ਬੱਗਾ ਨੂੰ ‘ਅਗ਼ਵਾ’ ਕੀਤਾ ਹੈ ਅਤੇ ਦੋਸ਼ ਲਾਇਆ ਕਿ ‘ਆਪ’ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪੁਲੀਸ ਰਾਹੀਂ ਬਦਲਾਖੋਰੀ ਦੀ ਸਿਆਸਤ ਕਰ ਰਹੇ ਹਨ। ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਦਿੱਲੀ ਭਾਜਪਾ ਦੇ ਤਰਜਮਾਨ ਬੱਗਾ ਨੂੰ ਪੰਜਾਬ ’ਚ ਕਥਿਤ ਤੌਰ ’ਤੇ ਫਿਰਕੂ ਤਣਾਅ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲੀਸ ਨੇ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਅਗ਼ਵਾ ਦਾ ਕੇਸ ਦਰਜ ਕੀਤਾ ਹੈ।
ਪੰਜਾਬ ਸਰਕਾਰ ਨੇ ਸੂਬੇ ਦੀ ਪੁਲੀਸ ਟੀਮ ਨੂੰ ‘ਬੰਦੀ’ ਬਣਾਉਣ ਖ਼ਿਲਾਫ਼ ਹਾਈ ਕੋਰਟ ਦਾ ਰੁਖ਼ ਕੀਤਾ। ਦਾਅਵਿਆਂ ਅਤੇ ਪ੍ਰਤੀ ਦਾਅਵਿਆਂ ਵਿਚਕਾਰ ਗਰਮਾ-ਗਰਮੀ ਹੋਣ ਦਰਮਿਆਨ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਦੇ 15 ਤੋਂ 20 ਮੁਲਾਜ਼ਮ ਉਨ੍ਹਾਂ ਦੇ ਜਨਕਪੁਰੀ ਘਰ ’ਚ ਸਵੇਰੇ ਕਰੀਬ 8 ਵਜੇ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਚਿਹਰੇ ’ਤੇ ਘਸੁੰਨ ਮਾਰਿਆ ਤੇ ਪੁੱਤਰ ਨੂੰ ਸਿਰ ’ਤੇ ਦਸਤਾਰ ਨਹੀਂ ਬੰਨ੍ਹਣ ਦਿੱਤੀ। ‘ਅਸੀਂ ਉਨ੍ਹਾਂ ਨੂੰ ਚਾਹ ਦੀ ਪੇਸ਼ਕਸ਼ ਕੀਤੀ। ਉਹ ਤਜਿੰਦਰ ਨੂੰ ਧੂਹ ਕੇ ਨਾਲ ਲੈ ਗਏ ਅਤੇ ਉਸ ਨੂੰ ਸਿਰ ਵੀ ਨਹੀਂ ਢਕਣ ਦਿੱਤਾ। ਮੈਂ ਜਦੋਂ ਵੀਡੀਓ ਬਣਾਉਣੀ ਚਾਹੀ ਤਾਂ ਮੇਰਾ ਮੋਬਾਈਲ ਫੋਨ ਖੋਹ ਲਿਆ ਗਿਆ ਅਤੇ ਮੇਰੇ ਮੂੰਹ ’ਤੇ ਘਸੁੰਨ ਮਾਰਨ ਮਗਰੋਂ ਜਬਰੀ ਬਿਠਾ ਦਿੱਤਾ ਗਿਆ।’ ਬੱਗਾ ਨੂੰ ਨਾਲ ਲੈ ਕੇ ਪੰਜਾਬ ਪੁਲੀਸ ਦਾ ਕਾਫ਼ਲਾ ਜਦੋਂ ਮੁਹਾਲੀ ਲਈ ਰਵਾਨਾ ਹੋਇਆ ਤਾਂ ਉਸ ਨੂੰ ਕੁਰੂਕਸ਼ੇਤਰ ’ਚ ਰੋਕ ਲਿਆ ਗਿਆ। ਪੰਜਾਬ ਪੁਲੀਸ ਦੀ ਟੀਮ ਨੂੰ ਰਾਹ ’ਚ ਰੋਕਣ ਬਾਰੇ ਪੁੱਛੇ ਜਾਣ ’ਤੇ ਹਰਿਆਣਾ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਬੱਗਾ ਨੂੰ ਉਸ ਦੀ ਰਿਹਾਇਸ਼ ਤੋਂ ਜਬਰੀ ਚੁੱਕ ਕੇ ਲਿਜਾਇਆ ਜਾ ਰਿਹਾ ਹੈ। ‘ਅਸੀਂ ਇਸ ਜਾਣਕਾਰੀ ਦੀ ਤਸਦੀਕ ਕਰਨਾ ਚਾਹੁੰਦੇ ਸੀ।’ ਇਸ ਮਗਰੋਂ ਹਾਈ-ਵੋਲਟੇਜ ਨਾਟਕ ਤਹਿਤ ਦਿੱਲੀ ਪੁਲੀਸ ਦੀ ਟੀਮ ਕੁਰੂਕਸ਼ੇਤਰ ਪਹੁੰਚੀ ਅਤੇ ਬੱਗਾ ਨੂੰ ਆਪਣੀ ਕਸਟਡੀ ’ਚ ਲੈ ਲਿਆ। ਭਾਜਪਾ ਆਗੂ ਨੂਪੁਰ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਦਾਲਤ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸੇ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਦੂਜੇ ਸੂਬੇ ਦੀ ਪੁਲੀਸ ਨੂੰ ਸਥਾਨਕ ਪੁਲੀਸ ਨੂੰ ਜਾਣਕਾਰੀ ਦੇਣੀ ਪੈਂਦੀ ਹੈ ਪਰ ਪੰਜਾਬ ਪੁਲੀਸ ਦੀ ਕਾਰਵਾਈ ਗ਼ੈਰਕਾਨੂੰਨੀ ਸੀ ਕਿਉਂਕਿ ਉਸ ਨੇ ਦਿੱਲੀ ਪੁਲੀਸ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਸੀ। ‘ਆਪ’ ਦੇ ਮੁੱਖ ਤਰਜਮਾਨ ਸੌਰਭ ਭਾਰਦਵਾਜ ਨੇ 29 ਅਪਰੈਲ ਨੂੰ ਪਟਿਆਲਾ ’ਚ ਹੋਈਆਂ ਫਿਰਕੂ ਝੜਪਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਪੁਲੀਸ ਨੇ ਬੱਗਾ ਨੂੰ ਮੁਹਾਲੀ ’ਚ ਪਹਿਲੀ ਅਪਰੈਲ ਨੂੰ ਦਰਜ ਕੇਸ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲੀਸ ਨੇ ਬੱਗਾ ’ਤੇ ਭੜਕਾਊ ਬਿਆਨ ਦੇਣ, ਨਫ਼ਰਤ ਫੈਲਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਕੇਸ ‘ਆਪ’ ਆਗੂ ਸੰਨੀ ਆਹਲੂਵਾਲੀਆ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਮੁੱਦੇ ’ਤੇ ਦਿੱਲੀ ਦੇ ਮੁੱਖ ਮੰਤਰੀ ਖ਼ਿਲਾਫ਼ ਟਵੀਟ ਕੀਤੇ ਜਾਣ ’ਤੇ ਵੀ ਬੱਗਾ ‘ਆਪ’ ਦੀ ਰਾਡਾਰ ’ਤੇ ਸੀ। ਭਾਰਦਵਾਜ ਨੇ ਪੰਜਾਬ ਪੁਲੀਸ ਦੀ ਕਾਰਵਾਈ ਦਾ ਬਚਾਅ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸੂਬੇ ’ਚ ‘ਫਿਰਕੂ ਤਣਾਅ ਅਤੇ ਹਿੰਸਾ ਭੜਕਾਉਣ ਦੀਆਂ ਕੋਸ਼ਿਸ਼ਾਂ’ ਕਾਰਨ ਬੱਗਾ ਖ਼ਿਲਾਫ਼ ਪਿਛਲੇ ਮਹੀਨੇ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੱਗਾ ਨੂੰ ਪੰਜਾਬ ਪੁਲੀਸ ਨੇ ਪੰਜ ਵਾਰ ਸੰਮਨ ਭੇਜੇ ਸਨ ਪਰ ਉਹ ਜਦੋਂ ਪੇਸ਼ ਨਹੀਂ ਹੋਇਆ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਟਿਆਲਾ ’ਚ ਹਿੰਸਾ ਭੜਕਾਉਣ ਪਿੱਛੇ ਭਾਜਪਾ ਨਾਲ ਜੁੜੇ ਕਈ ਲੋਕਾਂ ਦਾ ਹੱਥ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਸਮੇਤ ਕਈ ਆਗੂਆਂ ਨੇ ਆਪਣੇ ਪੱਧਰ ’ਤੇ ਪ੍ਰੈੱਸ ਕਾਨਫਰੰਸ ਕਰਕੇ ਕੇਜਰੀਵਾਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਸ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਦੇ ਆਗੂ ਨੂੰ ਚੁੱਕਿਆ ਗਿਆ ਹੈ। ਗੁਪਤਾ ਨੇ ਕਿਹਾ,‘‘ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਦਾ ਅਸਲ ਚਿਹਰਾ ਦੇਖਣਾ ਚਾਹੁੰਦੇ ਹੋ ਤਾਂ ਉਸ ਵਿਅਕਤੀ ਨੂੰ ਸੱਤਾ ਦੇ ਦਿਉ। ਕੇਜਰੀਵਾਲ ਦਾ ਅਸਲ ਕਿਰਦਾਰ ਅਤੇ ਚਿਹਰਾ ਹੁਣ ਸਭ ਦੇ ਸਾਹਮਣੇ ਆ ਗਿਆ ਹੈ।’’ ਇਕ ਹੋਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ’ਚ ਭਗਵੰਤ ਮਾਨ ਦੇ ਸਿੱਖ ਮੁੱਖ ਮੰਤਰੀ ਹੋਣ ਦੇ ਬਾਵਜੂਦ ਇਕ ਸਿੱਖ (ਬੱਗਾ) ਦਾ ਅਪਮਾਨ ਕੀਤਾ ਗਿਆ ਹੈ। ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲੀਸ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਸੀਆਰਪੀਸੀ ਦੀ ਧਾਰਾ 41ਏ ਤਹਿਤ ਪੰਜ ਵਾਰ ਨੋਟਿਸ ਭੇਜੇ ਗਏ ਸਨ। ਇਸ ਦੇ ਬਾਵਜੂਦ ਮੁਲਜ਼ਮ ਜਾਣ-ਬੁੱਝ ਕੇ ਜਾਂਚ ’ਚ ਸ਼ਾਮਲ ਨਹੀਂ ਹੋਇਆ ਸੀ ਅਤੇ ਗ੍ਰਿਫ਼ਤਾਰੀ ਲਈ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਸੀ।
ਕੁਰੂਕਸ਼ੇਤਰ ਦੇ ਐੱਸਪੀ ਨੂੰ ਲਿਖੀ ਚਿੱਠੀ ’ਚ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਹਰਿਆਣਾ ਪੁਲੀਸ ਵੱਲੋਂ ਭਾਜਪਾ ਦੇ ਗ੍ਰਿਫ਼ਤਾਰ ਆਗੂ ਨਾਲ ਪੰਜਾਬ ਦੀ ਪੁਲੀਸ ਟੀਮ ਨੂੰ ਰੋਕਣਾ ‘ਗ਼ੈਰਕਾਨੂੰਨੀ ਹਿਰਾਸਤ’ ਦੇ ਬਰਾਬਰ ਹੈ। ਸੋਨੀ ਨੇ ਬੱਗਾ ਖ਼ਿਲਾਫ਼ ਪਿਛਲੇ ਮਹੀਨੇ ਦਰਜ ਐੱਫਆਈਆਰ ਅਤੇ ਜਾਂਚ ’ਚ ਸ਼ਾਮਲ ਹੋਣ ਲਈ ਦਿੱਤੇ ਪੰਜ ਨੋਟਿਸਾਂ ਦਾ ਵੀ ਜ਼ਿਕਰ ਕੀਤਾ ਹੈ।
ਕਾਨੂੰਨ ਤਹਿਤ ਬੱਗਾ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਮੁਹਾਲੀ-ਮੁਹਾਲੀ ਦੇ ਡੀਐਸਪੀ (ਸਿਟੀ-1) ਸੁਖਨਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੱਗਾ ਦੀ ਗ੍ਰਿਫ਼ਤਾਰੀ ਕਾਨੂੰਨ ਤਹਿਤ ਕੀਤੀ ਗਈ ਸੀ। ਭਾਜਪਾ ਆਗੂ ਖ਼ਿਲਾਫ਼ ਮੁਹਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ ਉਸ ਨੂੰ 5 ਨੋਟਿਸ ਭੇਜੇ ਜਾ ਚੁੱਕੇ ਹਨ ਪਰ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾ ਕੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਟਲ ਜਾਂਦਾ ਸੀ ਜਿਸ ਕਾਰਨ ਬੀਤੀ ਰਾਤ ਮੁਹਾਲੀ ਪੁਲੀਸ ਦੀਆਂ ਦੋ ਟੀਮਾਂ ਨੂੰ ਦਿੱਲੀ ਭੇਜਿਆ ਗਿਆ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਇਕ ਟੀਮ ਨੇ ਸਬੰਧਤ ਥਾਣੇ ਵਿੱਚ ਇਤਲਾਹ ਦਿੱਤੀ ਸੀ ਜਦੋਂਕਿ ਦੂਜੀ ਟੀਮ ਨੇ ਅੱਜ ਸਵੇਰੇ ਬੱਗਾ ਨੂੰ ਗ੍ਰਿਫ਼ਤਾਰ ਕੀਤਾ ਪ੍ਰੰਤੂ ਦਿੱਲੀ ਅਤੇ ਹਰਿਆਣਾ ਨੇ ਉਸ ਨੂੰ ਪੰਜਾਬ ਪੁਲੀਸ ਦੀ ਹਿਰਾਸਤ ’ਚੋਂ ਛੁਡਾ ਲਿਆ। ਬੱਗਾ ’ਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਅਤੇ ਸਮਾਜ ਨੂੰ ਧਰਮ ਅਤੇ ਜਾਤ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਕਥਿਤ ਦੋਸ਼ ਹੈ।