ਕਰੋਨਾ ਕਾਰਨ ਚੀਨ ਏਸ਼ਿਆਈ ਖੇਡਾਂ ਮੁਲਤਵੀ

ਕਰੋਨਾ ਕਾਰਨ ਚੀਨ ਏਸ਼ਿਆਈ ਖੇਡਾਂ ਮੁਲਤਵੀ
ਤਾਸ਼ਕੰਦ:ਚੀਨ ਵਿੱਚ ਕਰੋਨਾ ਦੇ ਵਧ ਰਹੇ ਮਾਮਲਿਆਂ ਕਾਰਨ ਇਸ ਸਾਲ 10 ਤੋਂ 25 ਸਤੰਬਰ ਤੱਕ ਹੋਣ ਵਾਲੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਨੂੰ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਸ਼ੰਘਾਈ ਵਿੱਚ ਕਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਕਾਰਨ ਸ਼ੁਰੂ ਤੋਂ ਹੀ ਇਨ੍ਹਾਂ ਖੇਡਾਂ ’ਤੇ ਤਲਵਾਰ ਲਟਕ ਰਹੀ ਸੀ। ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਬੋਰਡ ਨੇ ਅੱਜ ਇੱਥੇ ਮੀਟਿੰਗ ਦੌਰਾਨ ਖੇਡਾਂ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਓਸੀਏ ਨੇ ਇੱਕ ਬਿਆਨ ਵਿੱਚ ਦੱਸਿਆ, ‘‘ਚੀਨ ਓਲੰਪਿਕ ਕਮੇਟੀ (ਸੀਓਸੀ) ਅਤੇ ਹਾਂਗਜ਼ੂ ਏਸ਼ਿਆਈ ਖੇਡਾਂ ਦੀ ਪ੍ਰਬੰਧਕੀ ਕਮੇਟੀ (ਐੱਚਏਜੀਓਸੀ) ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਓਸੀਏ ਕਾਰਜਕਾਰੀ ਬੋਰਡ ਨੇ ਅੱਜ 19ਵੀਆਂ ਏਸ਼ਿਆਈ ਖੇਡਾਂ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਇਹ ਖੇਡਾਂ ਇਸ ਸਾਲ 10 ਤੋਂ 25 ਸਤੰਬਰ ਤੱਕ ਹੋਣੀਆਂ ਸਨ। ਓਸੀਏ, ਸੀਓਸੀ ਅਤੇ ਐੱਜਏਜੀਓਸੀ ਨਾਲ ਵਿਚਾਰ-ਚਰਚਾ ਕਰ ਕੇ ਜਲਦੀ ਹੀ ਇਸ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ।’’ ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿੱਚ ਕੁੱਲ 11 ਹਜ਼ਾਰ ਅਥਲੀਟਾਂ ਨੇ ਹਿੱਸਾ ਲੈਣਾ ਸੀ।