'ਆਪ' ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ 'ਤੇ ਸੀ.ਬੀ.ਆਈ. ਵਲੋਂ ਛਾਪੇ

'ਆਪ' ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ 'ਤੇ ਸੀ.ਬੀ.ਆਈ. ਵਲੋਂ ਛਾਪੇ

'ਆਪ' ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ 'ਤੇ ਸੀ.ਬੀ.ਆਈ. ਵਲੋਂ ਛਾਪੇ
ਅਮਰਗੜ•ਹ -ਸਨਿਚਰਵਾਰ ਨੂੰ ਸੀ.ਬੀ.ਆਈ. ਦੀ ਟੀਮ ਨੇ ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਦੇ ਵਿਧਾਇਕ ਪੋ੍ਰ. ਜਸਵੰਤ ਸਿੰਘ ਗੱਜਣਮਾਜਰਾ ਦੇ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹੇ ਵਿਚ ਸਥਿਤ ਟਿਕਾਣਿਆਂ 'ਤੇ 40 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਮਾਮਲੇ ਵਿਚ ਛਾਪੇਮਾਰੀ ਕੀਤੀ | ਉੱਤਰੀ ਭਾਰਤ ਦੇ ਉਦਯੋਗਿਕ ਘਰਾਣਿਆਂ 'ਚ ਸ਼ੁਮਾਰ ਤਾਰਾ ਗਰੁੱਪ ਆਫ਼ ਕੰਪਨੀਜ਼ ਦੀ ਜਿੱਤਵਾਲ ਸਥਿਤ ਫੀਡ ਫ਼ੈਕਟਰੀ ਅਤੇ ਤਾਰਾ ਕਾਲੋਨੀ ਗੌਂਸਪੁਰ ਦੁੱਲਮਾ ਵਿਖੇ ਸੀ.ਬੀ.ਆਈ. ਨੇ ਛਾਪੇਮਾਰੀ ਕਰ ਕੇ ਜਾਂਚ ਪੜਤਾਲ ਕੀਤੀ | ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਬੈਂਕ ਆਫ਼ ਇੰਡੀਆ (ਲੁਧਿਆਣਾ) ਵਲੋਂ 40.92 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿਚ ਦਰਜ ਕਰਵਾਈ ਗਈ ਐਫ.ਆਈ.ਆਰ. ਤੋਂ ਬਾਅਦ ਕੀਤੀ ਗਈ ਹੈ ਅਤੇ ਛਾਪੇਮਾਰੀ ਦੌਰਾਨ ਵੱਖ-ਵੱਖ ਲੋਕਾਂ ਦੇ ਦਸਤਖਤਾਂ ਅਤੇ ਆਧਾਰ ਕਾਰਡਾਂ ਸਮੇਤ 94 ਖਾਲੀ ਚੈੱਕ ਬਰਾਮਦ ਕੀਤੇ ਗਏ ਹਨ | ਸੀ.ਬੀ.ਆਈ. ਦੇ ਬੁਲਾਰੇ ਆਰ.ਸੀ. ਜੋਸ਼ੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਜਿੱਥੇ 16.57 ਲੱਖ ਨਕਦੀ ਮਿਲੀ ਹੈ, ਉੱਥੇ ਵਿਦੇਸ਼ੀ ਕਰੰਸੀ ਦੇ 88 ਨੋਟ, ਜਾਇਦਾਦ ਦੇ ਕਾਗਜ਼ਾਤ, ਕਈ ਬੈਂਕਾਂ ਦੇ ਖਾਤੇ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ | ਤਾਰਾ ਗਰੁੱਪ ਆਫ਼ ਕੰਪਨੀਜ਼ ਦਾ ਬੈਂਕ ਆਫ਼ ਇੰਡੀਆ ਨਾਲ ਲਗਪਗ 40 ਕਰੋੜ ਰੁਪਏ ਦੀ ਦੇਣਦਾਰੀ ਦਾ ਵਨ ਟਾਈਮ ਸੈਟਲਮੈਂਟ ਕੇਸ 2014 ਦਾ ਦੱਸਿਆ ਜਾ ਰਿਹਾ ਹੈ | ਸੀ.ਬੀ.ਆਈ. ਟੀਮ ਨੇ ਗੱਜਣਮਾਜਰਾ ਪਰਿਵਾਰ ਦੀ ਜਿੱਤਵਾਲ ਵਿਖੇ ਸਥਿਤ ਫੀਡ ਫ਼ੈਕਟਰੀ ਅਤੇ ਤਾਰਾ ਰੀਅਲ ਅਸਟੇਟ ਗੌਂਸਪੁਰ ਦੁੱਲਮਾ ਵਿਖੇ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ | ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਦੇ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਗੱਜਣਮਾਜਰਾ, ਗੌਂਸਪੁਰ ਸਥਿਤ ਤਾਰਾ ਕਾਰਪੋਰੇਸ਼ਨ ਲਿਮਟਿਡ (ਹੁਣ ਮਲੌਦ ਐਗਰੋ ਲਿਮਟਿਡ) ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਗੱਜਣਮਾਜਰਾ ਕੰਪਨੀ ਵਿਚ ਡਾਇਰੈਕਟਰ ਅਤੇ ਗਰੰਟਰ ਸਨ | ਮਾਮਲੇ ਵਿਚ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ, ਕੁਲਵੰਤ ਸਿੰਘ ਅਤੇ ਭਾਣਜੇ ਤੇਜਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ | ਐਫ.ਆਈ.ਆਰ. ਵਿਚ ਤਾਰਾ ਹੈਲਥ ਫੂਡ ਲਿਮਟਿਡ ਅਤੇ ਇਕ ਹੋਰ ਕੰਪਨੀ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਵਲੋਂ ਸਾਲ 2011 ਤੋਂ ਲੈ ਕੇ 2014 ਵਿਚਕਾਰ ਇਹ ਕਰਜ਼ ਲਿਆ ਗਿਆ ਸੀ ਅਤੇ ਜਿਸ ਮਕਸਦ ਲਈ ਇਹ ਕਰਜ਼ ਲਿਆ ਗਿਆ ਸੀ ਉਸ ਕੰਮ ਲਈ ਇਸ ਦੀ ਵਰਤੋਂ ਕੀਤੀ ਹੀ ਨਹੀਂ ਗਈ | ਦੱਸਣਯੋਗ ਹੈ ਕਿ ਜੋ ਪੈਸਾ ਕਿਸੇ ਵੀ ਵਿਅਕਤੀ ਜਾਂ ਕੰਪਨੀ ਵਲੋਂ ਕਰਜ਼ ਦੇ ਰੂਪ ਵਿਚ ਲੈ ਕੇ ਕਿਸੇ ਬਦਲਵੇਂ ਮੰਤਵ ਲਈ ਵਰਤਿਆ ਹੋਵੇ, ਅਜਿਹੇ ਮਾਮਲੇ ਅਕਸਰ ਬੈਂਕਾਂ ਵਲੋਂ ਧੋਖਾਧੜੀ ਮੰਨਦਿਆਂ ਸੀ.ਬੀ.ਆਈ. ਨੂੰ ਦੇ ਦਿੱਤੇ ਜਾਂਦੇ ਹਨ | ਇਸ ਸਾਰੇ ਮਾਮਲੇ ਸੰਬੰਧੀ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਸਿਆਸੀ ਰੰਜਿਸ਼ ਤਹਿਤ ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਤਾਰਾ ਗਰੁੱਪ ਆਫ਼ ਕੰਪਨੀਜ਼ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ, ਜਦੋਂ ਕਿ ਉਨ੍ਹਾਂ ਦੇ ਭਰਾ ਅਤੇ ਕੰਪਨੀ ਦੇ ਐਮ.ਡੀ. ਬਲਵੰਤ ਸਿੰਘ ਨੇ ਆਖਿਆ ਕਿ ਇਹ ਮਾਮਲਾ ਸਿਰਫ਼ ਬੈਂਕ ਦੇ ਦੇਣ-ਲੈਣ ਨਾਲ ਸਬੰਧਤ ਹੈ |

Radio Mirchi