ਰੂਸੀ ਜੰਗ ਨੂੰ ਸਮਝਣਾ ਬਹੁਤ ਮੁਸ਼ਕਲ: ਜਿਲ ਬਾਇਡਨ

ਰੂਸੀ ਜੰਗ ਨੂੰ ਸਮਝਣਾ ਬਹੁਤ ਮੁਸ਼ਕਲ: ਜਿਲ ਬਾਇਡਨ
ਕੋਆਇਸ (ਸਲੋਵਾਕੀਆ)-ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡਨ ਨੇ ਅੱਜ ਯੂਕਰੇਨੀ ਤੇ ਸਲੋਵਾਕਿਆਈ ਮਾਵਾਂ ਨਾਲ ਮਿਲ ਕੇ ਮਦਰਜ਼ ਡੇਅ (ਮਾਂ ਦਿਹਾੜਾ) ਮਨਾਇਆ। ਇਨ੍ਹਾਂ ਯੂਕਰੇਨੀ ਮਾਵਾਂ ਨੂੰ ਰੂਸ ਵੱਲੋਂ ਕੀਤੇ ਹਮਲੇ ਕਰਕੇ ਘਰੋਂ ਬੇਘਰ ਹੋਣਾ ਪਿਆ ਹੈ। ਜਿਲ ਬਾਇਡਨ ਨੇ ਕਿਹਾ ਕਿ ਅਮਰੀਕੀ ਲੋਕਾਂ ਦੇ ਦਿਲ ਉਨ੍ਹਾਂ ਦੇ ਨਾਲ ਹਨ। ਕੋਆਇਸ ਸ਼ਹਿਰ, ਜੋ ਹੁਣ 24 ਘੰਟੇ ਸ਼ਰਨਰਾਥੀ ਪ੍ਰੋਸੈਸਿੰਗ ਸੈਂਟਰ ਵਜੋਂ ਕੰਮ ਕਰਦਾ ਹੈ, ਦੇ ਬੱਸ ਸਟੇਸ਼ਨ ਉੱਤੇ ਬਾਇਡਨ ਭਾਵੁਕ ਹੋਈ ਯੂਕਰੇਨੀ ਮਹਿਲਾ ਦੇ ਰੂਬਰੂ ਹੋਈ। ਇਸ ਮਹਿਲਾ ਦਾ ਕਹਿਣਾ ਸੀ ਕਿ ਉਹ ਆਪਣੇ ਤਿੰਨ ਬੱਚਿਆਂ ਨੂੰ ਜੰਗ ਬਾਰੇ ਦੱਸਣ ਲਈ ਸੰਘਰਸ਼ ਕਰ ਰਹੀ ਹੈ ਕਿਉਂਕਿ ਉਹ ਖੁ਼ਦ ਨੂੰ ਇਸ ਬਾਰੇ ਸਪਸ਼ਟ ਨਹੀਂ ਕਰ ਸਕੀ। ਆਪਣੀ ਸੱਤ ਸਾਲਾ ਧੀ ਯੂਲੀਆ ਨੂੰ ਗਲਵੱਕੜੀ ਪਾਈ ਵਿਕਟੋਰੀਆ ਕੁਟੋਚਾ ਨੇ ਬਾਇਡਨ ਨੂੰ ਦੱਸਿਆ, ‘‘ਮੈਂ ਸਪਸ਼ਟ ਨਹੀਂ ਸਕੀ ਕਿਉਂਕਿ ਮੈਨੂੰ ਖੁ਼ਦ ਨੂੰ ਨਹੀਂ ਪਤਾ ਸੀ ਤੇ ਮੈਂ ਇਕ ਅਧਿਆਪਕ ਹਾਂ।’’ ਇਕ ਥਾਂ ਕੁਟੋਚਾ ਨੇ ਪੁੱਛਿਆ ‘‘ਕਿਉਂ?’’ ਜਿਵੇਂ ਉਹ ਰੂਸ ਵੱਲੋਂ 24 ਫਰਵਰੀ ਨੂੰ ਯੂਕਰੇਨ ’ਤੇ ਕੀਤੀ ਚੜ੍ਹਾਈ ਬਾਰੇ ਸਪਸ਼ਟੀਕਰਨ ਮੰਗ ਰਹੀ ਹੋਵੇ। ਪ੍ਰਥਮ ਮਹਿਲਾ ਨੇ ਜਵਾਬ ਦਿੱਤਾ, ‘‘ਇਹ ਸਮਝਣਾ ਮੁਸ਼ਕਲ ਹੈ।’’ ਵ੍ਹਾਈਟ ਹਾਊਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਲੋਵਾਕੀਆ ਵਿੱਚ ਯੂਕਰੇਨੀ ਸ਼ਰਨਾਰਥੀਆਂ ਲਈ 6 ਸ਼ਰਨਾਰਥੀ ਕੇਂਦਰ ਹਨ, ਜਿਥੇ ਰੋਜ਼ਾਨਾ ਔਸਤਨ 300 ਤੋਂ 350 ਲੋਕਾਂ ਨੂੰ ਭੋਜਨ, ਨਹਾਉਣ ਦੀ ਸਹੂਲਤ, ਕੱਪੜੇ ਤੇ ਹੋਰ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਜਿਲ ਬਾਇਡਨ ਸਲੋਵਾਕੀਆ ਦੇ ਸਰਕਾਰੀ ਸਕੂਲ ਵਿੱਚ ਵੀ ਗਏ ਤੇ ਘਰੋਂ ਬੇਘਰ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਮਦਰਜ਼ ਡੇਅ ਮੌਕੇ ਰੱਖੇ ਵਿਸ਼ੇਸ਼ ਸਮਾਗਮ ਲਈ ਸਲੋਵਾਕੀਆ ਤੇ ਯੂਕਰੇਨੀ ਮਾਵਾਂ ਨੂੰ ਸਕੂਲ ਵਿੱਚ ਲਿਆਂਦਾ ਗਿਆ ਸੀ।