ਮੁੱਖ ਮੰਤਰੀ ਨਾਲ ‘ਮਸਲੇ’ ਵਿਚਾਰਨਗੇ ਸਿੱਧੂ

ਮੁੱਖ ਮੰਤਰੀ ਨਾਲ ‘ਮਸਲੇ’ ਵਿਚਾਰਨਗੇ ਸਿੱਧੂ

ਮੁੱਖ ਮੰਤਰੀ ਨਾਲ ‘ਮਸਲੇ’ ਵਿਚਾਰਨਗੇ ਸਿੱਧੂ
ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਭਲਕੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਲੇਠੀ ਮੁਲਾਕਾਤ ਕਰਨਗੇ। ਇਸ ਮੀਟਿੰਗ ਵਿੱਚ ਸਿੱਧੂ ਵੱਲੋਂ ਪੰਜਾਬ ਦੇ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਹ ਮੁਲਾਕਾਤ ਉਸ ਵੇਲੇ ਹੋ ਰਹੀ ਹੈ ਜਦੋਂ ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵਜੋਤ ਸਿੱਧੂ ਕੋਲ ਇਸ ਵੇਲੇ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਹੈ। ਉਨ੍ਹਾਂ ਦੇ ਸੁਰ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨਾਲ ਵੀ ਨਹੀਂ ਮਿਲ ਰਹੇ ਹਨ। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਟਵੀਟ ਕਰ ਦੱਸਿਆ ਕਿ ਉਹ ਸੋਮਵਾਰ ਸ਼ਾਮ 5.15 ਵਜੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਪੰਜਾਬ ਦੇ ਅਰਥਚਾਰੇ ਦੀ ਬਹਾਲੀ ਦੇ ਮੁੱਦੇ ਉਠਾਏ ਜਾਣਗੇ।
ਸਿੱਧੂ ਨੇ ਕਿਹਾ ਹੈ ਕਿ ਇਮਾਨਦਾਰ ਲੋਕਾਂ ਦੇ ਸਮੂਹਿਕ ਉਪਰਾਲੇ ਨਾਲ ਹੀ ਪੰਜਾਬ ਮੁੜ ਉੱਭਰ ਸਕਦਾ ਹੈ। ਦੇਖਿਆ ਜਾਵੇ ਤਾਂ ਨਵਜੋਤ ਸਿੱਧੂ ਦੇ ਇਨ੍ਹਾਂ ਸ਼ਬਦਾਂ ਵਿੱਚ ਕਾਫ਼ੀ ਕੁੱਝ ਲੁਕਿਆ ਨਜ਼ਰ ਆ ਰਿਹਾ ਹੈ ਅਤੇ ਸਿੱਧੂ ਦੀ ਭਗਵੰਤ ਮਾਨ ਨਾਲ ਪੁਰਾਣੀ ਸਾਂਝ ਵੀ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਨਵਜੋਤ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਿਤ ਹੋਣ ਸਮੇਂ ਸ਼ਬਦਾਂ ਦੀ ਮਰਿਆਦਾ ਭੁੱਲ ਜਾਂਦੇ ਰਹੇ ਹਨ। ਨਵਜੋਤ ਸਿੱਧੂ ਨੇ ਆਖਿਆ ਹੈ ਕਿ ਉਨ੍ਹਾਂ ਲਈ ਪੰਜਾਬ ਦੇ ਮੁੱਦੇ ਅਹਿਮ ਹਨ, ਜਿਨ੍ਹਾਂ ਦੇ ਹੱਲ ਲਈ ਉਹ ਯਤਨਸ਼ੀਲ ਹਨ। ਸੂਤਰਾਂ ਅਨੁਸਾਰ ਸਿੱਧੂ ਇਸ ਮੁਲਾਕਾਤ ਦੌਰਾਨ ਆਪਣੇ ਮਾਡਲ ’ਤੇ ਵੀ ਚਰਚਾ ਕਰ ਸਕਦੇ ਹਨ। ਸਿੱਧੂ ਨੇ ਇੱਕ ਹੋਰ ਟਵੀਟ ਕਰ ਕੇ ਕਿਹਾ, ‘‘ਹੁਨਰ ਹੋਵੇਗਾ ਤਾਂ ਦੁਨੀਆ ਕਦਰ ਕਰੇਗੀ, ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ।’’ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਰਸਮੀ ਮਿਲਣੀ ਕੀਤੀ ਸੀ। ਨਵਜੋਤ ਸਿੱਧੂ ਆਖਦੇ ਹਨ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲ ਰਹੇ ਹਨ।

Radio Mirchi