‘ਆਪ’ ਵਿਧਾਇਕ ਨਿੱਝਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ

‘ਆਪ’ ਵਿਧਾਇਕ ਨਿੱਝਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ
ਅੰਮ੍ਰਿਤਸਰ-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਅੱਜ ਹੋਈ ਚੋਣ ਜਿੱਤ ਕੇ ‘ਆਪ’ ਦੇ ਹਲਕਾ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਸੰਸਥਾ ਪ੍ਰਧਾਨ ਬਣ ਗਏ ਹਨ। ਉਨ੍ਹਾਂ ਨੇ 243 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸਰਬਜੀਤ ਸਿੰਘ ਨੂੰ ਸਿਰਫ 85 ਵੋਟਾਂ ਪਈਆਂ। ਉਨ੍ਹਾਂ 158 ਵੋਟਾਂ ਦੇ ਫਰਕ ਨਾਲ ਇਹ ਜਿੱਤ ਹਾਸਲ ਕੀਤੀ ਹੈ। ਦੀਵਾਨ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਇਸ ਵਰ੍ਹੇ ਮਾਰਚ ਮਹੀਨੇ ਵਿੱਚ ਅਕਾਲ ਚਲਾਣਾ ਕਰ ਗਏ ਸਨ, ਜਿਸ ਕਾਰਨ ਸੰਸਥਾ ਦੇ ਪ੍ਰਧਾਨ ਦਾ ਅਹੁਦਾ ਖਾਲੀ ਹੋ ਗਿਆ ਸੀ। ਇਸ ਦੌਰਾਨ ਸੰਸਥਾ ਦੇ ਮੀਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਸੀ। ਅੱਜ ਇਸ ਚੋਣ ਦੌਰਾਨ ਕੁਲ 329 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 243 ਵੋਟਾਂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਅਤੇ 85 ਵੋਟਾਂ ਸਰਬਜੀਤ ਸਿੰਘ ਨੂੰ ਪਈਆਂ ਹਨ। ਇਕ ਵੋਟ ਅਯੋਗ ਕਰਾਰ ਦਿੱਤੀ ਗਈ ਹੈ। ਦੀਵਾਨ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਲਈ ਰਿਟਰਨਿੰਗ ਅਧਿਕਾਰੀਆਂ ਨਰਿੰਦਰ ਸਿੰਘ ਖੁਰਾਣਾ, ਪ੍ਰੋ. ਵਰਿਆਮ ਸਿੰਘ ਅਤੇ ਹਰਜੀਤ ਸਿੰਘ ਦੀ ਨਿਗਰਾਨੀ ਹੇਠ ਵੋਟਾਂ ਪਈਆਂ। ਇਹ ਚੋਣ ਬੈਲਟ ਪੇਪਰ ਰਾਹੀਂ ਕਰਵਾਈ ਗਈ ਹੈ ਅਤੇ ਇਸ ਵਿੱਚ ਸਿਰਫ ਅੰਮ੍ਰਿਤਧਾਰੀ ਮੈਂਬਰਾਂ ਨੂੰ ਹੀ ਵੋਟ ਪਾਉਣ ਦਾ ਹੱਕ ਦਿੱਤਾ ਗਿਆ। ਤਿੰਨ ਮੈਂਬਰੀ ਸਕਰੀਨਿੰਗ ਕਮੇਟੀ ਕੋਲੋਂ ਕਲੀਨ ਚਿੱਟ ਮਿਲਣ ਮਗਰੋਂ ਹੀ ਹਰੇਕ ਮੈਂਬਰ ਨੂੰ ਵੋਟ ਪਾਉਣ ਦੀ ਪ੍ਰਵਾਨਗੀ ਦਿੱਤੀ ਗਈ। ਚੋਣ ਅਬਜ਼ਰਵਰ ਤਜਿੰਦਰ ਸਿੰਘ ਖਾਲਸਾ ਦੀ ਦੇਖ-ਰੇਖ ਹੇਠ ਵੋਟਾਂ ਦੀ ਗਿਣਤੀ ਕੀਤੀ ਗਈ। ਇਸ ਮੌਕੇ ਦੀਵਾਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਡਾ. ਨਿੱਝਰ ਨੂੰ ਵਧਾਈ ਦਿੱਤੀ ਗਈ। ਮਗਰੋਂ ਦੀਵਾਨ ਦੇ ਗੁਰਦੁਆਰੇ ਵਿੱਚ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਨਵੇਂ ਪ੍ਰਧਾਨ ਵਜੋਂ ਸਨਮਾਨ ਦਿੱਤਾ ਗਿਆ।