ਰੂਸ ਵੱਲੋਂ ਓਡੇਸਾ ਬੰਦਰਗਾਹ ’ਤੇ ਮਿਜ਼ਾਈਲ ਹਮਲੇ

ਰੂਸ ਵੱਲੋਂ ਓਡੇਸਾ ਬੰਦਰਗਾਹ ’ਤੇ ਮਿਜ਼ਾਈਲ ਹਮਲੇ
ਜ਼ੈਪੋਰੀਜ਼ੀਆ (ਯੂਕਰੇਨ)-ਰੂਸ ਨੇ ਆਪਣਾ ਸਭ ਤੋਂ ਵੱਡਾ ਦੇਸ਼ ਭਗਤੀ ਦਿਵਸ ਮਨਾਉਣ ਤੋਂ ਬਾਅਦ ਯੂਕਰੇਨ ਦੇ ਕਾਲਾ ਸਾਗਰ ਦੀ ਓਡੇਸਾ ਬੰਦਰਗਾਹ ’ਤੇ ਅੱਜ ਲਗਾਤਾਰ ਮਿਜ਼ਾਈਲ ਹਮਲੇ ਕੀਤੇ ਤੇ ਇਸ ਦੌਰਾਨ ਕੁਝ ਹਾਈਪਰਸੋਨਿਕ ਮਿਜ਼ਾਈਲਾਂ ਵੀ ਦਾਗੀਆਂ ਗਈਆਂ। ਦੂਜੇ ਪਾਸੇ ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਰਚ ਮਹੀਨੇ ਰੂਸ ਵੱਲੋਂ ਤਬਾਹ ਕੀਤੀ ਗਈ ਇੱਕ ਇਮਾਰਤ ਦੇ ਮਲਬੇ ’ਚੋਂ 44 ਲਾਸ਼ਾਂ ਬਰਾਮਦ ਹੋਈਆਂ ਹਨ ਜੋ ਆਮ ਲੋਕਾਂ ਦੀਆਂ ਹਨ। ਖਾਰਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਹ ਸਾਇਨੇਹੁਬੋਵ ਨੇ ਕਿਹਾ ਕਿ ਇਹ ਆਮ ਲੋਕ ਖਾਰਕੀਵ ਇਲਾਕੇ ਇਹ ਪੰਜ ਮੰਜ਼ਿਲਾ ਇਮਾਰਤ ਅੰਦਰ ਸਨ ਜੋ ਕਿ ਰੂਸੀ ਹਮਲੇ ’ਚ ਤਬਾਹ ਹੋ ਗਈ। ਉਨ੍ਹਾਂ ਕਿਹਾ ਕਿ ਇਹ ਰੂਸੀ ਦਸਤਿਆਂ ਦਾ ਆਮ ਲੋਕਾਂ ਖ਼ਿਲਾਫ਼ ਕੀਤਾ ਗਿਆ ਇੱਕ ਹੋਰ ਭਿਆਨਕ ਜੰਗੀ ਅਪਰਾਧ ਹੈ। ਇਸ ਤੋਂ ਪਹਿਲਾਂ ਯੂਕਰੇਨ ਦੀ ਫੌਜ ਨੇ ਕਿਹਾ ਕਿ ਰੂਸੀ ਦਸਤਿਆਂ ਨੇ ਓਡੇਸਾ ’ਚ ਸੱਤ ਮਿਜ਼ਾਈਲਾਂ ਦਾਗੀਆਂ ਜੋ ਇੱਕ ਸ਼ਾਪਿੰਗ ਸੈਂਟਰ ਤੇ ਇੱਕ ਵੇਅਰ ਹਾਊਸ ’ਤੇ ਆ ਕੇ ਡਿੱਗੀਆਂ। ਉਨ੍ਹਾਂ ਦੱਸਿਆ ਕਿ ਇਸ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਇਸ ਦੌਰਾਨ ਰੂਸ ਨੇ ਤਿੰਨ ਹਾਈਪਰਸੋਨਿਕ ਮਿਜ਼ਾਈਲਾਂ ਵੀ ਦਾਗੀਆਂ ਹਨ।
ਇਸੇ ਦੌਰਾਨ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬੋਕ ਨੇ ਅੱਜ ਅਹਿਦ ਲਿਆ ਕਿ ਰੂਸ ਨਾਲ ਜੰਗ ਦੌਰਾਨ ਯੂਕਰੇਨ ਦੇ ਸ਼ਹਿਰ ਬੁਚਾ ’ਚ ਹੋਈਆਂ ਆਮ ਲੋਕਾਂ ਦੀ ਮੌਤਾਂ ਲਈ ਕੌਮਾਂਤਰੀ ਭਾਈਚਾਰਾ ਜਵਾਬਦੇਹੀ ਤੇ ਜ਼ਿੰਮੇਵਾਰੀ ਯਕੀਨੀ ਬਣਾਏਗਾ। ਉਨ੍ਹਾਂ ਅੱਜ ਕੀਵ ਦੇ ਬਾਹਰਵਾਰ ਸ਼ਹਿਰ ਦਾ ਦੌਰਾ ਕਰਦਿਆਂ ਕਿਹਾ ਕਿ ਇਹ ਜੰਗੀ ਅਪਰਾਧ ਕਲਪਨਾ ਤੋਂ ਬਾਹਰ ਹੈ।