ਸ੍ਰੀਲੰਕਾ: ਹਿੰਸਾ ਕਰਨ ਵਾਲਿਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ

ਸ੍ਰੀਲੰਕਾ: ਹਿੰਸਾ ਕਰਨ ਵਾਲਿਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ

ਸ੍ਰੀਲੰਕਾ: ਹਿੰਸਾ ਕਰਨ ਵਾਲਿਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ
ਕੋਲੰਬੋ-ਸ੍ਰੀਲੰਕਾ ਵਿਚ ਬੇਰੋਕ ਹਿੰਸਾ ਦੇ ਮੱਦੇਨਜ਼ਰ ਮੁਲਕ ਦੇ ਰੱਖਿਆ ਮੰਤਰਾਲੇ ਨੇ ਤਿੰਨਾਂ ਸੈਨਾਵਾਂ ਨੂੰ ਹੁਕਮ ਦਿੱਤਾ ਹੈ ਕਿ ਦੂਜਿਆਂ ’ਤੇ ਹਮਲਾ ਕਰਨ ਵਾਲੇ ਜਾਂ ਜਨਤਕ ਸੰਪਤੀ ਲੁੱਟਣ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਵੇ। ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਤੇ ਉਨ੍ਹਾਂ ਦੇ ਪਰਿਵਾਰ ਦੇ ਸ੍ਰੀਲੰਕਾ ਦੇ ਟ੍ਰਿੰਕੋਮਾਲੀ ਜਲ ਸੈਨਾ ਬੇਸ ’ਤੇ ਹੋਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਉੱਥੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜਪਕਸੇ ਪਰਿਵਾਰ ਕੋਲੰਬੋ ਦੀ ਰਿਹਾਇਸ਼ ਛੱਡ ਜਲ ਸੈਨਾ ਦੇ ਟਿਕਾਣੇ ’ਤੇ ਰਹਿਣ ਚਲਾ ਗਿਆ ਹੈ। ਟ੍ਰਿੰਕੋਮਾਲੀ  ਸ੍ਰੀਲੰਕਾ ਦੇ ਉੱਤਰ-ਪੂਰਬੀ ਤੱਟ ’ਤੇ ਸਥਿਤ ਇਕ ਬੰਦਰਗਾਹ ਸ਼ਹਿਰ ਹੈ। ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਨੇ ਕੋਲੰਬੋ ਦੇ ਹਵਾਈ ਅੱਡੇ ਨੂੰ ਜਾਂਦੀ ਸੜਕ ਉਤੇ ਨਾਕੇ ਲਾ ਦਿੱਤੇ ਹਨ ਤਾਂ ਕਿ ਰਾਜਪਕਸੇ ਪਰਿਵਾਰ ਦੇ ਵਫ਼ਾਦਾਰ ਦੇਸ਼ ਛੱਡ ਕੇ ਨਾ ਭੱਜ ਸਕਣ। ਜ਼ਿਕਰਯੋਗ ਹੈ ਕਿ ਸੋਮਵਾਰ ਸਰਕਾਰੀ ਪੱਖੀਆਂ ਤੇ ਵਿਰੋਧੀਆਂ ਵਿਚਾਲੇ ਟਕਰਾਅ ਤੋਂ ਬਾਅਦ ਪੂਰੇ ਮੁਲਕ ਵਿਚ ਹਿੰਸਾ ਭੜਕ ਗਈ ਸੀ। ਕੋਲੰਬੋ ਤੇ ਹੋਰ ਸ਼ਹਿਰਾਂ ਵਿਚ ਹੋਈ ਹਿੰਸਾ ’ਚ 250 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਹਿੰਸਾ ਭੜਕਣ ’ਤੇ ਮਹਿੰਦਾ ਰਾਜਪਕਸੇ (76) ਨੇ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਅਸਤੀਫ਼ਾ ਦੇਣ ਦੇ ਬਾਵਜੂਦ ਸ਼ਾਂਤੀ ਕਾਇਮ ਨਹੀਂ ਹੋ ਸਕੀ ਹੈ। ਹੁਣ ਤੱਕ ਸੱਤਾਧਾਰੀ ਧਿਰ ਦੇ ਇਕ ਸੰਸਦ ਮੈਂਬਰ ਸਣੇ 8 ਜਣੇ ਹਿੰਸਾ ਵਿਚ ਮਾਰੇ ਜਾ ਚੁੱਕੇ ਹਨ। ਮੁਲਕ ਵਿਚ ਕਰਫ਼ਿਊ ਜਾਰੀ ਹੈ ਤੇ ਕੋਲੰਬੋ ਵਿਚ ਫ਼ੌਜ ਤਾਇਨਾਤ ਹੈ। ਵੇਰਵਿਆਂ ਮੁਤਾਬਕ ਹਜੂਮ ਨੇ ਸੋਮਵਾਰ ਅਹੁਦਾ ਛੱਡਣ ਵਾਲੇ ਮਹਿੰਦਾ ਰਾਜਪਕਸੇ ਦੀ ਰਿਹਾਇਸ਼ ‘ਟੈਂਪਲ ਟਰੀਜ਼’ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਮਗਰੋਂ ਪਰਿਵਾਰ ਉੱਥੋਂ ਨਿਕਲ ਗਿਆ। ਸੋਮਵਾਰ ਪੂਰੀ ਰਾਤ ਪੁਲੀਸ ਨੇ ਤਾਕਤ ਦੀ ਵਰਤੋਂ ਕਰ ਕੇ ਲੋਕਾਂ ਨੂੰ ਰਿਹਾਇਸ਼ ਦੇ ਅੰਦਰ ਜਾਣ ਤੋਂ ਰੋਕੀ ਰੱਖਿਆ। ਲੋਕ ਰੋਹ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਅੱਜ ਦੇਸ਼ ਦੀ ਜਨਤਾ ਨੂੰ ‘ਹਿੰਸਾ ਤੇ ਬਦਲੇ ਦੀਆਂ ਕਾਰਵਾਈਆਂ’ ਰੋਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਿਆਸੀ ਵਖ਼ਰੇਵਿਆਂ ਤੋਂ ਉਪਰ ਉੱਠਣ ਤੇ ਸਾਥੀ ਨਾਗਰਿਕਾਂ ਖ਼ਿਲਾਫ਼ ਹਿੰਸਾ ਨਾ ਕਰਨ। ਸ੍ਰੀਲੰਕਾ ਦੇ ਅਟਾਰਨੀ ਜਨਰਲ ਨੇ ਪੁਲੀਸ ਮੁਖੀ ਨੂੰ ਹੁਕਮ ਦਿੱਤਾ ਹੈ ਕਿ ਸਰਕਾਰ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ। ਇਸੇ ਦੌਰਾਨ ਵਕੀਲਾਂ ਦੇ ਇਕ ਗਰੁੱਪ ਨੇ ਪੁਲੀਸ ਕੋਲ ਸ਼ਿਕਾਇਤ ਦੇ ਕੇ ਮਹਿੰਦਾ ਰਾਜਪਕਸੇ ਤੇ ਉਸ ਦੇ ਨੇੜਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਵਕੀਲਾਂ ਨੇ ਦੋਸ਼ ਲਾਇਆ ਕਿ ਸੋਮਵਾਰ ਨੂੰ ਰਾਜਪਕਸੇ ਦੇ ਸਮਰਥਕਾਂ ਨੇ ਹਿੰਸਾ ਭੜਕਾਈ ਜਦ ਕਿ ਮੁਜ਼ਾਹਰਾਕਾਰੀ ਸ਼ਾਂਤੀ ਨਾਲ ਰੋਸ ਜ਼ਾਹਿਰ ਕਰ ਰਹੇ ਸਨ।

Radio Mirchi