ਮੁਹਾਲੀ ਧਮਾਕਾ: ਐੱਨਆਈਏ ਟੀਮ ਮੌਕੇ ’ਤੇ ਪੁੱਜੀ

ਮੁਹਾਲੀ ਧਮਾਕਾ: ਐੱਨਆਈਏ ਟੀਮ ਮੌਕੇ ’ਤੇ ਪੁੱਜੀ

ਮੁਹਾਲੀ ਧਮਾਕਾ: ਐੱਨਆਈਏ ਟੀਮ ਮੌਕੇ ’ਤੇ ਪੁੱਜੀ
ਚੰਡੀਗੜ੍ਹ-ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਤੇ ਰਾਕੇਟ ਲਾਂਚਰ ਨਾਲ ਕੀਤੇ ਹਮਲੇ ਤੋਂ ਇਕ ਦਿਨ ਮਗਰੋਂ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਜ ਦੀਆਂ ਸਰਹੱਦਾਂ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪੁਲੀਸ ਨੇ ਦੋ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਉਧਰ ਦਿੱਲੀ ਤੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਵੀ ਮੌਕੇ ’ਤੇ ਪੁੱਜ ਗਈ ਹੈ। ਟੀਮ ਨੇ ਇਲਾਕੇ ਦਾ ਮੁਆਇਨਾ ਕੀਤਾ। ਸੂਤਰਾਂ ਮੁਤਾਬਕ ਐੱਨਆਈਏ ਦੀ ਟੀਮ ਪੰਜਾਬ ਪੁਲੀਸ ਦੇ ਸੰਪਰਕ ਵਿੱਚ ਹੈ ਤੇ ਕੇਸ ਕੇਂਦਰੀ ਜਾਂਚ ਏਜੰਸੀ ਨੂੰ ਤਬਦੀਲ ਕੀਤਾ ਜਾ ਸਕਦਾ ਹੈ। ਪੁਲੀਸ ਨੇ ਹਮਲੇ ਨੂੰ ਅੰਜਾਮ ਦੇਣ ਲਈ ਟੀਐਨਟੀ ਬਾਰੂਦ ਦੀ ਵਰਤੋਂ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਵੀ.ਕੇ.ਭਾਵਰਾ ਨੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਚ ਗ੍ਰਨੇਡ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ। ਇਸੇ ਦੌਰਾਨ ਪੰਜਾਬ ਪੁਲੀਸ ਨੇ ਹਮਲੇ ਲਈ ਵਰਤਿਆ ਰੂਸ ਦਾ ਬਣਿਆ ਲਾਂਚਰ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ। ਪੁਲੀਸ ਦੀਆਂ ਕਈ ਟੀਮਾਂ ਸਿਟ ਨੂੰ ਸਹਿਯੋਗ ਦੇਣਗੀਆਂ।
ਐੱਨਆਈਏ ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਕਿਹਾ ਕਿ ਹਮਲੇ ਦੇ ਸਾਜ਼ਿਸ਼ਕਾਰਾਂ ਦੀ ਪੈੜ ਨੱਪਣ ਲਈ ਟੀਮ ਵੱਲੋਂ ਧਮਾਕੇ ਵਾਲੀ ਥਾਂ ਦੀ ਪੜਚੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਅਧਿਕਾਰਤ ਤੌਰ ’ਤੇ ਕੇਸ ਦੀ ਜਾਂਚ ਕਰ ਰਹੀ ਹੈ ਜਦੋਂਕਿ ਐੱਨਆਈਏ ਕੇਂਦਰੀ ਏਜੰਸੀ ਹੋਣ ਦੇ ਨਾਤੇ ਇਲਾਕੇ ਦਾ ਮੁਆਇਨਾ ਕਰਨ ਆਈ ਹੈ। ਸਿੰਘ ਨੇ ਕਿਹਾ ਕਿ ਉਨ੍ਹਾਂ ਹਾਲ ਦੀ ਘੜੀ ਕੋਈ ਕੇਸ ਦਰਜ ਨਹੀਂ ਕੀਤਾ, ਪਰ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਹਦਾਇਤਾਂ ਦੀ ਉਡੀਕ ਹੈ। ਸਿੰਘ ਨੇ ਕਿਹਾ ਕਿ ਐੱਨਆਈਏ ਟੀਮ ਪੰਜਾਬ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਦੋ ਮਸ਼ਕੂਕਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਐੱਨਆਈਏ ਦਾ ਮੰਨਣਾ ਹੈ ਕਿ ਇਸ ਹਮਲੇ ਪਿੱਛੇ ਪੰਜਾਬ ਵਿੱਚ ਸਰਗਰਮ ਖਾਲਿਸਤਾਨੀ ਜਥੇਬੰਦੀਆਂ ਦਾ ਹੱਥ ਹੈ, ਜੋ ਇਲਾਕੇ ਦੀ ਕਈ ਵਾਰ ਰੇਕੀ ਕਰਨ ਮਗਰੋਂ ਅਜਿਹੇ ਹਮਲਿਆਂ ਨੂੰ ਅੰਜਾਮ ਦਿੰਦੀਆਂ ਹਨ। ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਹਮਲੇ ਲਈ ਆਰਪੀਜੀ-22 ਵਰਤਿਆ ਹੋ ਸਕਦਾ ਹੈ। ਪੁਲੀਸ ਵੱਲੋਂ ਕੀਤੀ ਸ਼ੁਰੂਆਤੀ ਪੜਤਾਲ ਤੋਂ ਇਹੀ ਸੰਕੇਤ ਮਿਲਿਆ ਹੈ ਕਿ ਹਮਲੇ ਪਿੱਛੇ ਦੋ ਕਾਰ ਸਵਾਰਾਂ ਦਾ ਹੱਥ ਹੋ ਸਕਦਾ ਹੈ। ਹਮਲੇ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਇਮਾਰਤ ਦੇ ਬਾਹਰ ਸਫ਼ੇਦ ਰੰਗ ਦੀ ਡਿਜ਼ਾਇਰ ਕਾਰ ਵੇਖੀ ਗਈ ਸੀ। ਇਮਾਰਤ ਵਿੱਚ ਕੋਈ ਸੀਸੀਟੀਵੀ ਕੈਮਰਾ ਨਾ ਲੱਗਾ ਹੋਣ ਕਰਕੇ ਪੁਲੀਸ ਵੱਲੋਂ ਨੇੜਲੇ ਇਲਾਕਿਆਂ/ਖੇਤਰਾਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਨੇੜੇ ਰਹਿੰਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੰਜਾਬ ਪੁਲੀਸ ਨੇ ਹਮਲੇ ਲਈ ਵਰਤਿਆ ਰੂਸ ਦਾ ਬਣਿਆ ਲਾਂਚਰ ਬਰਾਮਦ ਕਰ ਲਿਆ ਹੈ। ਸੂਤਰਾਂ ਨੇ ਕਿਹਾ ਕਿ ਲਾਂਚਰ ਐਡਵੋਕੇਟਸ ਕੋਆਪਰੇਟਿਵ ਸੁਸਾਇਟੀ ਨੇੜਿਓਂ ਸੁੰਨਸਾਨ ਥਾਂ ਤੋਂ ਮਿਲਿਆ ਹੈ, ਜੋ ਹੈੈੱਡਕੁਆਰਟਰ ਤੋਂ ਮਸਾਂ ਕਿਲੋਮੀਟਰ ਦੂਰ ਹੈ। ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ਦੇ ਸੁਰੱਖਿਆ ਇੰਚਾਰਜ ਸਬ-ਇੰਸਪੈਕਟਰ ਬਲਕਾਰ ਸਿੰਘ ਦੇ ਬਿਆਨਾਂ ਉੱਤੇ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਆਈਪੀਸੀ, ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਅਤੇ ਧਮਾਕਾਖੇਜ਼ ਸਮੱਗਰੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਹਮਲੇ ਪਿੱਛੇ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਹਰਵਿੰਦਰ ਸਿੰਘ ਰਿੰਦਾ, ਜੋ ਇਸ ਵੇਲੇ ਪਾਕਿਸਤਾਨ ਵਿੱਚ ਹੈ, ਦੀ ਸ਼ਮੂਲੀਅਤ ਦਾ ਸ਼ੱਕ ਹੈ। ਮੁਹਾਲੀ ਵਿੱਚ ਇਹ ਧਮਾਕਾ ਅਜਿਹੇ ਮੌਕੇ ਹੋਇਆ ਹੈ ਜਦੋਂ ਕਿ ਪਿਛਲੇ ਮਹੀਨੇ 24 ਅਪਰੈਲ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਨੇੜਿਓਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਸੀ।

Radio Mirchi