ਸ੍ਰੀਲੰਕਾ: ਲੋਕ ਰੋਹ ਤੋਂ ਬਚਣ ਲਈ ਫ਼ੌਜ ਦੀ ਸ਼ਰਨ ’ਚ ਪੁੱਜੇ ਰਾਜਪਕਸੇ

ਸੰਯੁਕਤ ਰਾਸ਼ਟਰ-ਲੋਕਾਂ ਦੇ ਜ਼ੋਰਦਾਰ ਵਿਰੋਧ ਤੇ ਹਿੰਸਾ ਮਗਰੋਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਵਾਲੇ ਮਹਿੰਦਾ ਰਾਜਪਕਸੇ ਦੀ ਹੁਣ ਸੈਨਾ ਵੱਲੋਂ ਟ੍ਰਿੰਕੋਮਾਲੀ ਜਲ ਸੈਨਾ ਬੇਸ ’ਤੇ ਰਾਖੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹੋਏ ਟਕਰਾਅ ’ਚ ਇਕ ਸੰਸਦ ਮੈਂਬਰ ਸਣੇ ਕਈ ਜਣੇ ਮਾਰੇ ਗਏ ਸਨ। ਲੋਕਾਂ ਨੇ ਕਈ ਸਿਆਸੀ ਆਗੂਆਂ ਤੇ ਸਾਬਕਾ ਮੰਤਰੀਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਸੀ। ਪੂਰੇ ਦੇਸ਼ ਤੇ ਰਾਜਧਾਨੀ ਕੋਲੰਬੋ ਵਿਚ ਹਿੰਸਕ ਘਟਨਾਵਾਂ ਤੋਂ ਬਾਅਦ ਮਹਿੰਦਾ ਰਾਜਪਕਸੇ ਨੂੰ ਪਰਿਵਾਰ ਸਮੇਤ ਆਪਣੀ ਸਰਕਾਰੀ ਰਿਹਾਇਸ਼ ਛੱਡ ਕੇ ਜਲ ਸੈਨਾ ਬੇਸ ’ਤੇ ਸ਼ਰਨ ਲੈਣੀ ਪਈ ਸੀ।
ਰੱਖਿਆ ਮੰਤਰਾਲੇ ਦੇ ਸਕੱਤਰ ਜਨਰਲ (ਸੇਵਾਮੁਕਤ) ਕਮਲ ਗੁਣਰਤਨੇ ਨੇ ਦੱਸਿਆ ਕਿ ਪੂਰੇ ਦੇਸ਼ ਵਿਚ ਸੁਰੱਖਿਆ ਬਲ ਗਸ਼ਤ ਕਰ ਰਹੇ ਹਨ ਤੇ ਕਰਫ਼ਿਊ ਲਾਗੂ ਹੈ। ਮੁਲਕ ਵਿਚ ਭੜਕੀ ਹਿੰਸਾ ’ਚ ਹੁਣ ਤੱਕ 9 ਜਣੇ ਮਾਰੇ ਗਏ ਹਨ ਜਿਨ੍ਹਾਂ ਵਿਚ ਦੋ ਪੁਲੀਸ ਅਧਿਕਾਰੀ ਵੀ ਸ਼ਾਮਲ ਹਨ। ਹਿੰਸਾ ਵਿਚ 250 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਇਸੇ ਦੌਰਾਨ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਇਕਾਈ ਦੀ ਮੁਖੀ ਮਿਸ਼ੇਲ ਬੈਚੇਲੇਟ ਨੇ ਕਿਹਾ ਹੈ ਕਿ ਸ੍ਰੀਲੰਕਾ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਉਹ ‘ਬਹੁਤ ਪ੍ਰੇਸ਼ਾਨ’ ਹਨ। ਉਨ੍ਹਾਂ ਹਿੰਸਾ ਪਿਛਲੇ ਕਾਰਨਾਂ ਦੀ ਜਾਂਚ ਦਾ ਸੱਦਾ ਵੀ ਦਿੱਤਾ ਹੈ। ਉਨ੍ਹਾਂ ਬੇਨਤੀ ਕੀਤੀ ਕਿ ਮਸਲਿਆਂ ਦਾ ਹੱਲ ਸੰਵਾਦ ਰਾਹੀਂ ਕੱਢਿਆ ਜਾਵੇ ਤੇ ਸ਼ਾਂਤੀ ਕਾਇਮ ਰੱਖੀ ਜਾਵੇ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਲੋਕਾਂ ਨੂੰ ਸ਼ਾਂਤੀ ਨਾਲ ਰੋਸ ਜ਼ਾਹਿਰ ਕਰਨ ਦਾ ਪੂਰਾ ਹੱਕ ਹੈ ਤੇ ਉਨ੍ਹਾਂ ’ਤੇ ਹਮਲਾ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਇਸੇ ਦੌਰਾਨ ਕੌਮਾਂਤਰੀ ਮੁਦਰਾ ਫੰਡ ਨੇ ਅੱਜ ਕਿਹਾ ਕਿ ਉਹ ਕਰਜ਼ੇ ’ਚ ਡੁੱਬੇ ਸ੍ਰੀਲੰਕਾ ਨਾਲ ਤਕਨੀਕੀ ਪੱਧਰ ’ਤੇ ਗੱਲਬਾਤ ਜਾਰੀ ਰੱਖ ਰਿਹਾ ਹੈ ਤੇ ਨਵੀਂ ਸਰਕਾਰ ਦੇ ਗਠਨ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਮੰਗਲਵਾਰ ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਸਨ। ਮੁਲਕ ਵਿਚ ਬਣੇ ਡੂੰਘੇ ਵਿੱਤੀ ਸੰਕਟ ’ਤੇ ਲੋਕ ਅਜੇ ਵੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਰੱਖਿਆ ਸਕੱਤਰ ਗੁਣਰਤਨੇ ਨੇ ਦੱਸਿਆ, ‘ਮਹਿੰਦਾ ਰਾਜਪਕਸੇ ਨੂੰ ਬੰਦਰਗਾਹ ਸ਼ਹਿਰ ਟ੍ਰਿੰਕੋਮਾਲੀ ਸਥਿਤ ਜਲ ਸੈਨਾ ਬੇਸ ਲਿਜਾਣਾ ਪਿਆ ਹੈ। ਉਨ੍ਹਾਂ ਦਾ ਕੋਲੰਬੋ ਵਿਚ ਰਹਿਣਾ ਠੀਕ ਨਹੀਂ ਸੀ।’’ ਰਾਜਪਕਸੇ ਦੇ ਜਲ ਸੈਨਾ ਟਿਕਾਣੇ ਜਾਣ ਦੀ ਖ਼ਬਰ ਫੈਲਣ ਮਗਰੋਂ ਤ੍ਰਿੰਕੋਮਾਲੀ ਵਿਚ ਵੀ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਸਨ।