ਬੱਬਰ ਖਾਲਸਾ ਤੇ ਗੈਂਗਸਟਰਾਂ ਨੇ ਮਿਲ ਕੇ ਕੀਤਾ ਮੁਹਾਲੀ ਹਮਲਾ: ਡੀਜੀਪੀ

ਬੱਬਰ ਖਾਲਸਾ ਤੇ ਗੈਂਗਸਟਰਾਂ ਨੇ ਮਿਲ ਕੇ ਕੀਤਾ ਮੁਹਾਲੀ ਹਮਲਾ: ਡੀਜੀਪੀ
ਚੰਡੀਗੜ੍ਹ-ਪੰਜਾਬ ਪੁਲੀਸ ਨੇ ਇੰਟੈਲੀਜੈਂਸ ਵਿੰਗ ਦੀ ਇਮਾਰਤ ’ਤੇ ਹੋਏ ਰਾਕੇਟ ਲਾਂਚਰ ਹਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸੂਬੇ ਦੇ ਡੀਜੀਪੀ ਵੀਰੇਸ਼ ਕੁਮਾਰ ਭਾਵੜਾ ਨੇ ਅੱਜ ਇੱਥੇ 9 ਮਈ ਨੂੰ ਵਾਪਰੀ ਇਸ ਵੱਡੀ ਘਟਨਾ ਨੂੰ ਪੁਲੀਸ ਲਈ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦਹਿਸ਼ਤਗਰਦਾਂ ਅਤੇ ਸੂਬੇ ਵਿੱਚ ਸਰਗਰਮ ਗੈਂਗਸਟਰਾਂ ਦੇ ਗੱਠਜੋੜ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਨੋਇਡਾ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਜਦਕਿ ਰਾਕੇਟ ਲਾਂਚਰ ਨਾਲ ਇੰਟੈਲੀਜੈਂਸ ਵਿੰਗ ਦੀ ਇਮਾਰਤ ’ਤੇ ਗ੍ਰਨੇਡ ਦਾਗਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਚੜ੍ਹਤ ਸਿੰਘ ਨਾਂ ਦੇ ਵਿਅਕਤੀ ਸਮੇਤ ਪੁਲੀਸ ਨੇ ਤਿੰਨ ਵਿਅਕਤੀਆਂ ਦੀ ਪਛਾਣ ਤਾਂ ਕਰ ਲਈ ਹੈ ਬੱਸ ਗ੍ਰਿਫ਼ਤਾਰੀ ਦਾ ਖੁਲਾਸਾ ਕਰਨਾ ਹੀ ਬਾਕੀ ਹੈ। ਡੀਜੀਪੀ ਨੇ ਦੱਸਿਆ ਕਿ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦਾ ਨਾਮ ਇਸ ਘਟਨਾ ਦੇ ਮੁੱਖ ਹੈਂਡਲਰ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੇ ਆਰਪੀਜੀ, ਏਕੇ-47 ਅਤੇ ਅਪਰਾਧੀਆਂ ਦੇ ਸਥਾਨਕ ਨੈੱਟਵਰਕ ਨੂੰ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਲੰਡਾ (33) ਜੋ ਕਿ ਤਰਨ ਤਾਰਨ ਦਾ ਵਸਨੀਕ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਪਾਕਿਸਤਾਨ ਆਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜ਼ਦੀਕੀ ਸਾਥੀ ਹੈ ਅਤੇ ਉਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹੱਥ ਮਿਲਾਇਆ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਨਿਸ਼ਾਨ ਸਿੰਘ ਵਾਸੀ ਪਿੰਡ ਕੁੱਲਾ ਭਿੱਖੀਵਿੰਡ, ਮੁਹਾਲੀ ਦੇ ਸੈਕਟਰ 85 ਵਿੱਚ ਵੇਵ ਅਸਟੇਟ ਦਾ ਵਾਸੀ ਜਗਦੀਪ ਸਿੰਘ ਕੰਗ, ਅੰਮ੍ਰਿਤਸਰ ਦੇ ਗੁਮਟਾਲਾ ਦਾ ਕੰਵਰਜੀਤ ਸਿੰਘ ਉਰਫ ਕੰਵਰ ਬਾਠ (40), ਬਲਜਿੰਦਰ ਸਿੰਘ ਉਰਫ ਰੈਂਬੋ (41) ਵਾਸੀ ਪੱਟੀ, ਬਲਜੀਤ ਕੌਰ ਉਰਫ ਸੁੱਖੀ (50) ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਅਤੇ ਅਨੰਤ ਦੀਪ ਸਿੰਘ ਉਰਫ ਸੋਨੂੰ (32) ਗੁਰੂ ਨਾਨਕ ਕਲੋਨੀ, ਅੰਮ੍ਰਿਤਸਰ ਸ਼ਾਮਲ ਹਨ। ਇਨ੍ਹਾਂ ਕੋਲੋਂ ਦੋ ਕਾਰਾਂ ਐਸਯੂਵੀ ਟੋਇਟਾ ਫਾਰਚੂਨਰ ਤੇ ਮਾਰੂਤੀ ਸਵਿਫਟ ਵੀ ਬਰਾਮਦ ਕੀਤੀਆਂ ਗਈਆਂ ਹਨ।