ਵਿਕਰਮਸਿੰਘੇ ਵੱਲੋਂ ਵਿਰੋਧੀ ਧਿਰ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ

ਵਿਕਰਮਸਿੰਘੇ ਵੱਲੋਂ ਵਿਰੋਧੀ ਧਿਰ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ
ਕੋਲੰਬੋ-ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਮੁੱਖ ਵਿਰੋਧੀ ਧਿਰ ਸਮਾਗੀ ਜਨ ਬਾਲਾਵੇਗਾਯਾ (ਐੱਸਜੇਬੀ) ਦੇ ਆਗੂ ਨੂੰ ਸਿਆਸੀ ਮੱਤਭੇਦ ਭੁਲਾਉਣ ਤੇ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਗੰਭੀਰ ਸੰਕਟ ਨਾਲ ਨਜਿੱਠਦਿਆਂ ਦੇਸ਼ ਦੀ ਆਰਥਿਕਤਾ ਨੂੰ ਸਥਿਰ ਕੀਤਾ ਜਾ ਸਕੇ।
ਲੰਘੇ ਵੀਰਵਾਰ ਸ੍ਰੀਲੰਕਾ ਦੇ 26ਵੇਂ ਪ੍ਰਧਾਨ ਮੰਤਰੀ ਚੁਣੇ ਗਏ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐੱਨਪੀ) ਦੇ 73 ਸਾਲਾ ਆਗੂ ਨੇ ਐੱਸਜੇਬੀ ਆਗੂ ਸਜਿਤ ਪ੍ਰੇਮਦਾਸ ਨੂੰ ਪੱਤਰ ਲਿਖਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਪੱਤਰ ’ਚ ਵਿਕਰਮਸਿੰਘੇ ਨੇ ਐਸਜੇਬੀ ਨੂੰ ਸੱਦਾ ਦਿੱਤਾ ਹੈ ਕਿ ਲੋਕਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਅਤੇ ਦੇਸ਼ ਦੇ ਆਰਥਿਕ, ਸਿਆਸੀ ਤੇ ਸਮਾਜਿਕ ਹਾਲਾਤ ਸਥਿਰ ਕਰਨ ਲਈ ਮਿਲ ਕੇ ਕੰਮ ਕੀਤਾ ਜਾਵੇ। ਉਨ੍ਹਾਂ ਵਿਰੋਧੀ ਧਿਰ ਨੂੰ ਪਾਰਟੀ ਦੇ ਹਿੱਤਾਂ ਤੋਂ ਉੱਪਰ ਉੱਠਣ ਤੇ ਪੱਖਪਾਤ ਰਹਿਤ ਸਰਕਾਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇਸ਼ ਦੇ ਭਵਿੱਖ ਖਾਤਰ ਵਿਰੋਧੀ ਧਿਰ ਦੇ ਆਗੂਆਂ ਤੋਂ ਹਾਂਪੱਖੀ ਹੁੰਗਾਰੇ ਦੀ ਉਮੀਦ ਕੀਤੀ ਹੈ।
ਵਿਰੋਧੀ ਧਿਰ ਦੇ ਆਗੂ ਵੱਲੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੂੰ ਐੱਸਜੇਬੀ ਦੇ ਸਰਕਾਰ ’ਚ ਸ਼ਾਮਲ ਨਾ ਹੋਣ ਸਬੰਧੀ ਪੱਤਰ ਲਿਖੇ ਜਾਣ ਤੋਂ ਬਾਅਦ ਵਿਕਰਮਸਿੰਘੇ ਨੇ ਪ੍ਰੇਮਦਾਸ ਨੂੰ ਪੱਤਰ ਲਿਖਿਆ ਹੈ। ਇਸੇ ਦੌਰਾਨ ਰਨਿਲ ਵਿਕਰਮਸਿੰਘੇ ਨੇ ਅੱਜ ਆਪਣੀ ਕੈਬਨਿਟ ’ਚ ਚਾਰ ਮੰਤਰੀ ਸ਼ਾਮਲ ਕੀਤੇ ਹਨ ਜਿਨ੍ਹਾਂ ’ਚੋਂ ਜੀਐੱਲ ਪੇਇਰਿਸ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ।