ਜਾਖੜ ਨੇ ਕਾਂਗਰਸ ਨੂੰ ਅਲਵਿਦਾ ਆਖਿਆ

ਜਾਖੜ ਨੇ ਕਾਂਗਰਸ ਨੂੰ ਅਲਵਿਦਾ ਆਖਿਆ

ਜਾਖੜ ਨੇ ਕਾਂਗਰਸ ਨੂੰ ਅਲਵਿਦਾ ਆਖਿਆ
ਚੰਡੀਗੜ੍ਹ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਉਦੈਪੁਰ ’ਚ ਚੱਲ ਰਹੇ ਚਿੰਤਨ ਸ਼ਿਵਿਰ ਦੌਰਾਨ ਕਾਂਗਰਸ ਲਈ ਇਹ ਵੱਡਾ ਸਿਆਸੀ ਝਟਕਾ ਹੈ। ਜਾਖੜ ਨੇ ਕਾਂਗਰਸ ਨੂੰ ਗੁੱਡ ਲੱਕ ਐਂਡ ਗੁੱਡ ਬਾਏ ਆਖ ਕੇ ਅੱਜ ਆਪਣੇ ਫੇਸਬੁੱਕ ਪੇਜ ’ਤੇ ਦਿਲ ਦੀ ਗੱਲ ਰੱਖੀ। ਪੰਜਾਬ ’ਚ ਕਾਂਗਰਸ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਹਨ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਬਕਾਇਆ ਪਈ ਹੈ। ਸ੍ਰੀ ਜਾਖੜ ਨੇ ਭਵਿੱਖ ਦੇ ਸਿਆਸੀ ਸਫਰ ਬਾਰੇ ਪੱਤੇ ਅਜੇ ਨਹੀਂ ਖੋਲ੍ਹੇ ਹਨ ਪ੍ਰੰਤੂ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਉਨ੍ਹਾਂ ’ਤੇ ਟਿਕ ਗਈਆਂ ਹਨ। ਪੰਜਾਬ ਦੇ ਸਿਆਸੀ ਪਿੜ ਵਿਚ ਸੁਨੀਲ ਜਾਖੜ ਦਾ ਅਕਸ ਸਾਫ-ਸੁਥਰਾ ਰਿਹਾ ਹੈ ਅਤੇ ਉਹ ਵੱਡੇ ਹਿੰਦੂ ਚਿਹਰੇ ਵਜੋਂ ਪਛਾਣੇ ਜਾਂਦੇ ਹਨ। ਕੁਝ ਦਿਨ ਪਹਿਲਾਂ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਸਾਰੇ ਅਹੁਦੇ ਵਾਪਸ ਲੈ ਲਏ ਸਨ। ਜਾਖੜ ਨੇ ਅੱਜ 12 ਵਜੇ ਲਾਈਵ ਹੋ ਕੇ ਸੋਨੀਆ ਗਾਂਧੀ ਨੂੰ ਖਰੀਆਂ-ਖਰੀਆਂ ਸੁਣਾਈਆਂ ਅਤੇ ਅੰਬਿਕਾ ਸੋਨੀ ਖ਼ਿਲਾਫ਼ ਵਿੰਨ੍ਹ-ਵਿੰਨ੍ਹ ਕੇ ਨਿਸ਼ਾਨੇ ਲਾਏ। 
ਜਾਖੜ ਪਰਿਵਾਰ ਵੱਲੋਂ ਕਾਂਗਰਸ ਨੂੰ ਦਿੱਤੇ ਗਏ 50 ਵਰ੍ਹਿਆਂ ਦਾ ਉਨ੍ਹਾਂ ਜ਼ਿਕਰ ਕੀਤਾ। ਉਨ੍ਹਾਂ ਦੀਆਂ ਗੱਲਾਂ ’ਚ ਅੱਜ ਦਰਦ ਵੀ ਦਿਖਿਆ ਅਤੇ ਪਾਰਟੀ ਪ੍ਰਤੀ ਰੰਜ ਵੀ ਨਜ਼ਰ ਆਇਆ। ਜਦੋਂ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਲੈਣ ਮਗਰੋਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਤੁਰੀ ਸੀ ਤਾਂ ਉਦੋਂ ਅੰਬਿਕਾ ਸੋਨੀ ਨੇ ਬਿਆਨ ਦਾਗ਼ ਦਿੱਤਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੋਣਾ ਚਾਹੀਦਾ ਹੈ।  ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ,‘‘ਪੂਰੇ ਮੁਲਕ ਵਿਚ ਸਿਆਸਤ ਕਰੋ ਪ੍ਰੰਤੂ ਪੰਜਾਬ ਨੂੰ ਬਖ਼ਸ਼ ਦਿਓ। ਪੰਜਾਬ ਦੇ ਬਹੁਤ ਬੁਰੇ ਹਾਲਾਤ ਦੇਖੇ ਹਨ ਅਤੇ ਪੰਜਾਬ ਨੂੰ ਧਰਮ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾ ਸਕਦਾ ਹੈ। ਸੂਬੇ ਵਿਚ ਸਭ ਇੱਕ ਹਨ।’’ ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਹਿੰਦੂਆਂ ਨੂੰ ਬਦਨਾਮ ਕੀਤਾ ਕਿ ਜੇ ਹਿੰਦੂ ਮੁੱਖ ਮੰਤਰੀ ਬਣ ਗਿਆ ਤਾਂ ਪੰਜਾਬ ਵਿਚ ਅੱਗ ਲੱਗ ਜਾਵੇਗੀ ਜਦੋਂ ਕਿ ਇਹ ਕੰਮ ਤਾਂ ਅਤਿਵਾਦ ਦੇ ਦੌਰ ਵਿਚ ਏਕੇ-47 ਵੀ ਨਹੀਂ ਕਰ ਸਕੀ ਸੀ। ਜਾਖੜ ਨੇ ਕਿਹਾ ਕਿ ਦਿੱਲੀ ਵਿਚ ਬੈਠੇ ਆਗੂਆਂ ਨੇ ਪੰਜਾਬ ’ਚ ਕਾਂਗਰਸ ਦਾ ਬੁਰਾ ਹਾਲ ਕੀਤਾ ਅਤੇ ਸੂਬੇ ਨੂੰ ਅਪਮਾਨਿਤ ਕੀਤਾ। ਅੰਬਿਕਾ ਸੋਨੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਅਜਿਹੇ ਨੇਤਾਵਾਂ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਪੰਜਾਬ ਤਾਂ ਕੀ, ਦੂਸਰੇ ਸੂਬਿਆਂ ਵਿਚ ਵੀ ਕਾਂਗਰਸ ਦੀ ਸਥਿਤੀ ਸੁਧਰਨ ਵਾਲੀ ਨਹੀਂ ਹੈ। ਉਨ੍ਹਾਂ ਕਾਂਗਰਸ ਵੱਲੋਂ ਲਾਏ ਪੰਜਾਬ ਇੰਚਾਰਜਾਂ ਦੀ ਭੂਮਿਕਾ ਦੀ ਗੱਲ ਵੀ ਰੱਖੀ। ਜਾਖੜ ਨੇ ਕਿਹਾ ਕਿ ਅੱਜ ਕਾਂਗਰਸ ਚਾਪਲੂਸਾਂ ਵਿਚ ਘਿਰੀ ਹੋਈ ਹੈ। ਜਾਖੜ ਨੇ ਸੋਨੀਆ ਗਾਂਧੀ ਨੂੰ ਕਿਹਾ ‘ਤੁਸੀਂ ਸਬੰਧ ਨਹੀਂ ਤੋੜੇ, ਮੇਰਾ ਦਿਲ ਤੋੜਿਆ ਹੈ।’ ਉਨ੍ਹਾਂ ਇਕ ਸ਼ੇਅਰ ਵੀ ਸੁਣਾਇਆ, ‘ਦਿਲ ਭੀ ਤੋੜਾ ਤੋ ਸਲੀਕੇ ਸੇ ਨਾ ਤੋੜਾ ਤੁਮ ਨੇ, ਬੇਵਫਾਈ ਕੇ ਭੀ ਆਦਾਬ ਹੁਆ ਕਰਤੇ ਹੈਂ।’ ਉਨ੍ਹਾਂ ਕਿਹਾ ਕਿ ਨੋਟਿਸ ਭੇਜਣ ਦੀ ਥਾਂ ’ਤੇ ਹਾਈਕਮਾਨ ਉਸ ਨਾਲ ਗੱਲ ਕਰ ਸਕਦੀ ਸੀ। ‘ਉਸ ਤਾਰਿਕ ਅਨਵਰ ਨੇ ਮੇਰੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਜਿਸ ਨੇ 20 ਸਾਲ ਪਹਿਲਾਂ ਇਹ ਆਖ ਕੇ ਕਾਂਗਰਸ ਛੱਡ ਦਿੱਤੀ ਸੀ ਕਿ ਉਸ ਨੂੰ ਵਿਦੇਸ਼ੀ ਮਹਿਲਾ ਦੀ ਪ੍ਰਧਾਨਗੀ ਕਬੂਲ ਨਹੀਂ ਹੈ।’ ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਵੀ ਔਖੇ ਵੇਲਿਆਂ ਵਿਚ ਕਾਂਗਰਸ ਦਾ ਸਾਥ ਛੱਡਿਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਅਤੇ ਚਿੰਤਨ ਸ਼ਿਵਿਰ ’ਚੋਂ ਕੁਝ ਵੀ ਨਹੀਂ ਨਿਕਲਣ ਵਾਲਾ ਹੈ। 

Radio Mirchi