ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਓਪੀਡੀ ’ਚ ਅੱਗ ਲੱਗੀ

ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਓਪੀਡੀ ’ਚ ਅੱਗ ਲੱਗੀ

ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਓਪੀਡੀ ’ਚ ਅੱਗ ਲੱਗੀ
ਅੰਮ੍ਰਿਤਸਰ-ਇੱਥੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਓਪੀਡੀ ਵਾਲੀ ਇਮਾਰਤ ਦੇ ਹਿੱਸੇ ’ਚ ਅੱਜ ਦੁਪਹਿਰ ਲਗਪਗ ਦੋ ਵਜੇ ਅੱਗ ਲੱਗ ਗਈ। ਇਸ ਮੌਕੇ ਇਮਾਰਤ ਵਿੱਚ ਧੂੰਆਂ ਫੈਲਣ ਮਗਰੋਂ ਅੱਗ ਲੱਗ ਗਈ। ਹਸਪਤਾਲ ਦੇ ਅਮਲੇ ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਮਰੀਜ਼ਾਂ ਨੂੰ ਬਾਹਰ ਕੱਢ ਕੇ ਸੜਕ ’ਤੇ ਲਿਆਂਦਾ, ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਦੌਰਾਨ ਮੌਕੇ ’ਤੇ ਪੁੱਜੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਬਿਜਲੀ ਦੇ ਟਰਾਂਸਫਾਰਮਰ ਵਿੱਚ ਧਮਾਕਾ ਹੋਣ ਮਗਰੋਂ ਤੇਲ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਇਹ ਅੱਗ ਓਪੀਡੀ ਇਮਾਰਤ ਦੇ ਪਿਛਲੇ ਪਾਸੇ ਲੱਗੀ, ਜਿੱਥੇ ਐਕਸਰੇਅ ਤੇ ਡਾਇਲੇਸਿਸ ਸਣੇ ਹੋਰ ਵਿਭਾਗ ਸਥਿਤ ਹਨ। ਜਦੋਂ ਹਾਦਸਾ ਵਾਪਰਿਆ ਉਦੋਂ ਓਪੀਡੀ ਦਾ ਕੰਮ ਲਗਪਗ ਖ਼ਤਮ ਹੋ ਚੁੱਕਿਆ ਸੀ ਤੇ ਮਰੀਜ਼ ਜਾ ਚੁੱਕੇ ਸਨ, ਪਰ ਹਸਪਤਾਲ ਦਾ ਅਮਲਾ ਹਾਲੇ ਅੰਦਰ ਹੀ ਸੀ। ਧਮਾਕੇ ਮਗਰੋਂ ਇੱਥੇ ਧੂੰਆਂ ਫੈਲ ਗਿਆ ਤੇ ਅੱਗ ਵਧਣ ਲੱਗ ਪਈ। ਹਸਪਤਾਲ ਦੇ ਅਮਲੇ ਨੇ ਅੱਗ ਬੁਝਾਉਣ ਵਾਲੇ ਉਪਕਰਨਾਂ ਨਾਲ ਸਥਿਤੀ ਸੰਭਾਲਣ ਦਾ ਯਤਨ ਕੀਤਾ। ਸੂਚਨਾ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਬਾਹਰ ਲਿਆਂਦੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਆਦੇਸ਼ ਦਿੱਤਾ ਕਿ ਅੱਗ ਲੱਗਣ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਪੁਰਾਣਾ ਟਰਾਂਸਫਾਰਮਰ ਦੱਸਿਆ ਜਾ ਰਿਹਾ ਹੈ, ਜਿਸ ਵਿਚੋਂ ਲੀਕ ਹੋਏ ਤੇਲ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਬਿਜਲੀ ਸਪਲਾਈ ਬਹਾਲ ਕਰਨ ਲਈ ਕਿਹਾ। ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਮਗਰੋਂ ਬਿਜਲੀ ਮੰਤਰੀ ਨੇ ਕਿਹਾ ਕਿ ਹਸਪਤਾਲ ’ਚ ਬਿਜਲੀ ਦੀ ਲੋੜ ਪੂਰੀ ਕਰਨ ਲਈ ਇੱਥੇ ਕੰਪੈਕਟ ਬਿਜਲੀ ਸਬ-ਸਟੇਸ਼ਨ ਲਾਇਆ ਜਾਵੇਗਾ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਆਖਿਆ ਕਿ ਬਿਜਲੀ ਦੇ ਟਰਾਂਸਫਾਰਮਰ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਗ ਲੱਗੀ ਹੈ, ਪਰ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢ ਲੈਣ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਅੱਗ ਲੱਗਣ ਵੇਲੇ ਓਪੀਡੀ ਵਿੱਚ ਮੌਜੂਦ ਡਾ. ਰਕੇਸ਼ ਸ਼ਰਮਾ ਨੇ ਦੱਸਿਆ ਕਿ ਤਿੰਨ-ਚਾਰ ਧਮਾਕਿਆਂ ਮਗਰੋਂ ਓਪੀਡੀ ਦੇ ਪਿਛਲੇ ਪਾਸੇ ਇਮਾਰਤ ਵਿੱਚ ਧੂੰਆਂ ਹੋ ਗਿਆ ਤੇ ਬਾਅਦ ਵਿੱਚ ਅੱਗ ਲੱਗ ਗਈ। ਹਸਪਤਾਲ ਵਿੱਚ 600 ਤੋਂ ਜ਼ਿਆਦਾ ਮਰੀਜ਼ ਦਾਖ਼ਲ ਸਨ। ਸੁਰੱਖਿਅਤ ਬਾਹਰ ਕੱਢੇ ਮਰੀਜ਼ਾਂ ਨੇ ਦੱਸਿਆ ਕਿ ਵਾਰਡ ਵਿੱਚ ਮੌਜੂਦ ਅਮਲੇ ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਬਾਹਰ ਲਿਆਂਦਾ। ਹਾਲ ਦੀ ਘੜੀ ਇਹ ਮਰੀਜ਼ ਬਾਹਰ ਸੜਕ ’ਤੇ ਹੀ ਲਿਟਾਏ ਹੋਏ ਸਨ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਹਲਕਾ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਇਸ ਬਾਰੇ ਸਰਕਾਰ ਨੂੰ ਸਾਰੀ ਰਿਪੋਰਟ ਭੇਜੀ ਜਾਵੇਗੀ।

Radio Mirchi