ਖਾਲਸਾਈ ਰੰਗ 'ਚ ਰੰਗਿਆ ਕੈਲਗਰੀ

ਖਾਲਸਾਈ ਰੰਗ 'ਚ ਰੰਗਿਆ ਕੈਲਗਰੀ
ਕੈਲਗਰੀ-ਖ਼ਾਲਸਾ ਸਾਜਨਾ ਦਿਵਸ ਅਤੇ ਸਿੱਖਾਂ ਦੇ 'ਖ਼ਾਲਸਾ ਡੇਅ ਪ੍ਰੇਡ' ਵਜੋਂ ਮਨਾਏ ਜਾਂਦੇ ਕੈਲਗਰੀ ਨਗਰ ਕੀਰਤਨ ਵਿਚ ਸੰਗਤਾਂ ਦਾ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲਿਆ | ਕੋਵਿਡ-19 ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਇਹ ਨਗਰ ਕੀਰਤਨ ਨਹੀ ਸਜਾਇਆ ਗਿਆ ਸੀ | ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਆਰੰਭ ਹੋਇਆ | ਕੈਲਗਰੀ ਦੀਆਂ ਸੰਗਤਾਂ ਤੋਂ ਇਲਾਵਾ ਐਡਮਿੰਟਨ, ਸਰੀ, ਵੈਨਕੂਵਰ, ਐਬਸਫੋਰਡ, ਟਰਾਂਟੋ ਤੋਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਖਾਲਸਾ ਸਕੂਲ ਕੈਲਗਰੀ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਆਰੰਭਤਾ ਕਰਵਾਈ ਗਈ | ਮੋਟਰਸਾਈਕਲ ਅਤੇ ਕੈਲਗਰੀ ਪੁਲਿਸ ਦੀਆਂ ਗੱਡੀਆਂ ਸਭ ਤੋਂ ਅੱਗੇ ਚੱਲ ਰਹੀਆਂ ਸਨ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ | ਕੈਲਗਰੀ ਕੇਸਰੀ, ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਸੀ | ਗਤਕੇ ਦੀਆਂ ਟੀਮਾਂ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ | ਰਸਤੇ 'ਚ ਖਾਣ ਪੀਣ ਵਾਲੀਆਂ ਵਸਤਾਂ ਦੇ ਵਿਸ਼ੇਸ਼ ਸਟਾਲ ਲਗਾਏ ਹੋਏ ਸਨ | ਮੁੱਖ ਸਟੇਜ ਪ੍ਰੇਰੀਵਿੰਡ ਪਾਰਕ 'ਚ ਲਗਾਈ ਗਈ ਜਿਥੋਂ ਢਾਡੀ ਅਤੇ ਰਾਗੀ ਜਥਿਆਂ ਨੇ ਕੀਰਤਨ ਢਾਡੀ ਵਾਰਾਂ ਗਾਇਣ ਕੀਤੀਆਂ | ਇਸ ਸਮੇਂ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ, ਵਿਰੋਧੀ ਧਿਰ ਦੀ ਨੇਤਾ ਰੇਚਲ ਨੌਟਲੀ, ਮੰਤਰੀ ਰਾਜਨ ਸਾਹਨੀ, ਸੰਸਦ ਮੈਂਬਰ ਜਸਰਾਜ ਸਿੰਘ ਹੱਲਣ ਅਤੇ ਕੌਂਸਲਰ ਰਾਜ ਧਾਲੀਵਾਲ ਨੇ ਸੰਗਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਭਾਈ ਗੁਰਮੇਜ ਸਿੰਘ ਚੀਮਾ ਅਤੇ ਭਾਈ ਬਲਜਿੰਦਰ ਸਿੰਘ ਸੰਧੂ ਹੁਰਾਂ ਬਾਖੂਬੀ ਨਿਭਾਈ |