ਸ਼ਿਵਿਲੰਗ ਵਾਲੀ ਥਾਂ ਸੁਰੱਖਿਅਤ ਰੱਖੀ ਜਾਵੇ, ਨਮਾਜ਼ ਨਾ ਰੋਕੋ-ਸੁਪਰੀਮ ਕੋਰਟ

ਸ਼ਿਵਿਲੰਗ ਵਾਲੀ ਥਾਂ ਸੁਰੱਖਿਅਤ ਰੱਖੀ ਜਾਵੇ, ਨਮਾਜ਼ ਨਾ ਰੋਕੋ-ਸੁਪਰੀਮ ਕੋਰਟ
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਗਿਆਨਵਾਪੀ ਮਾਮਲੇ 'ਚ 'ਸੰਤੁਲਨ' ਬਣਾਉਣ ਦੀ ਕਵਾਇਦ ਹੇਠ ਨਿਰਦੇਸ਼ ਦਿੰਦਿਆਂ ਕਿਹਾ ਕਿ ਮਸਜਿਦ 'ਚ ਉਸ ਥਾਂ ਨੂੰ ਸੁਰੱਖਿਅਤ ਕੀਤਾ ਜਾਵੇ, ਜਿਸ ਥਾਂ 'ਤੇ ਸ਼ਿਵਿਲੰਗ ਮਿਲਣ ਬਾਰੇ ਕਿਹਾ ਗਿਆ ਹੈ | ਇਸ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਨਮਾਜ਼ ਅਦਾ ਕਰਨ ਤੋਂ ਨਾ ਰੋਕਿਆ ਜਾਵੇ | ਸੁਪਰੀਮ ਕੋਰਟ ਦਾ ਇਹ ਆਦੇਸ਼ ਉਸ ਵੇਲੇ ਆਇਆ ਹੈ, ਜਦੋਂ ਵਾਰਾਨਸੀ ਦੀ ਅਦਾਲਤ 'ਚ ਵੀ ਇਸ ਮਾਮਲੇ 'ਤੇ ਕਾਰਵਾਈ ਜਾਰੀ ਹੈ | ਸੁਪਰੀਮ ਕੋਰਟ ਨੇ ਵਾਰਾਨਸੀ ਕੋਰਟ ਦੀ ਮਸਜਿਦ ਸੀਲ ਕਰਨ ਦੇ ਆਦੇਸ਼ ਨੂੰ ਸੀਮਿਤ ਕਰਦਿਆਂ ਸ਼ਿਵਿਲੰਗ ਵਾਲਾ ਖ਼ੇਤਰ ਸੁਰੱਖਿਅਤ ਕਰਨ ਤੱਕ ਸੀਮਿਤ ਕਰ ਦਿੱਤਾ, ਹਾਲਾਂਕਿ ਸਰਬਉੱਚ ਅਦਾਲਤ ਨੇ ਵਾਰਾਨਸੀ ਕੋਰਟ ਦੀ ਕਾਰਵਾਈ 'ਤੇ ਕੋਈ ਰੋਕ ਨਹੀਂ ਲਗਾਈ ਹੈ | ਸਰਬਉੱਚ ਅਦਾਲਤ ਨੇ ਮਸਜਿਦ ਕਮੇਟੀ ਦੀ ਪਟੀਸ਼ਨ 'ਤੇ ਹਿੰਦੂ ਧਿਰ ਅਤੇ ਯੂ. ਪੀ. ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵੀਰਵਾਰ ਭਾਵ 19 ਮਈ ਤੱਕ ਜਵਾਬ ਮੰਗਿਆ ਹੈ | ਜਸਟਿਸ ਡੀ. ਵਾਈ. ਚੰਦਰਚੂੜ ਅਤੇ ਪੀ. ਐਸ. ਨਰਸਿਮ੍ਹਾ ਦੇ ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਇਹ ਮਾਮਲਾ ਮਾਲਕਾਨਾ ਹੱਕ ਦਾ ਨਹੀਂ, ਸਗੋਂ ਪੂਜਾ ਕਰਨ ਦੀ ਇਜਾਜ਼ਤ ਮੰਗਣ ਦਾ ਹੈ | ਜਸਟਿਸ ਚੰਦਰਚੂੜ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਸ਼ਿਵਿਲੰਗ ਮਿਲਿਆ ਹੈ ਤਾਂ ਸਾਨੂੰ ਸੰਤੁਲਨ ਬਣਾਉਣਾ ਹੋਵੇਗਾ | ਅਦਾਲਤ ਨੇ ਡੀ. ਐਮ. ਨੂੰ ਨਿਰਦੇਸ਼ ਦਿੰਦਿਆਂ ਉਸ ਥਾਂ ਦੀ ਸੁਰੱਖਿਆ ਕਰਨ ਨੂੰ ਕਿਹਾ, ਨਾਲ ਹੀ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਨਮਾਜ਼ ਤੋਂ ਨਾ ਰੋਕਿਆ ਜਾਵੇ | ਹਾਲਾਂਕਿ ਅਦਾਲਤ ਵਲੋਂ ਇਕ ਵਾਰ 'ਚ 20 ਲੋਕਾਂ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ | ਪਹਿਲਾਂ ਬਹਿਸ ਦੌਰਾਨ ਮੁਸਲਮਾਨ ਧਿਰ ਦੀ ਪੈਰਵੀ ਕਰ ਰਹੇ ਹੁਜੈਫਾ ਅਹਿਮਦੀ ਨੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਹਵਾਲਾ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ 15 ਅਗਸਤ 1947 ਦੇ ਸਮੇਂ ਜੋ ਧਰਮ ਸਥਾਨ ਜਿਨ੍ਹਾਂ ਹਾਲਤਾ 'ਚ ਸਨ, ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ | ਅਹਿਮਦੀ ਨੇ ਵਾਰਾਨਸੀ ਕੋਰਟ ਵਲੋਂ ਦਿੱਤੇ ਨਿਰਦੇਸ਼ਾਂ ਨੂੰ ਗ਼ੈਰ ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਮਸਜਿਦ ਦੇ ਅਹਾਤੇ ਨੂੰ ਸੀਲ ਕਰ ਦਿੱਤਾ ਜਾਵੇਗਾ ਤਾਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਨਿਰਦੇਸ਼ ਦੀ ਉਲੰਘਣਾ ਹੋਵੇਗੀ |
ਅਯੁੱਧਿਆ ਮਾਮਲੇ ਨਾਲ ਵੀ ਜੁੜੇ ਰਹੇ ਹਨ ਸੁਣਵਾਈ ਕਰਨ ਵਾਲੇ ਦੋਵੇਂ ਜੱਜ
ਇਹ ਅਸਧਾਰਨ ਸੰਯੋਗ ਹੀ ਹੈ ਕਿ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਦੇ ਸਰਵੇਖਣ ਖ਼ਿਲਾਫ਼ ਦਾਇਰ ਪਟੀਸ਼ਨ ਦੀ ਸੁਣਵਾਈ ਕਰਨ ਵਾਲੇ ਸੁਪਰੀਮ ਕੋਰਟ ਦੀ ਬੈਂਚ ਦੇ ਦੋਵੇਂ ਜੱਜ ਇਸੇ ਤਰ੍ਹਾਂ ਦੇ ਇਕ ਹੋਰ ਵਿਵਾਦ ਰਾਮ ਜਨਮਭੂਮੀ-ਬਾਬਰੀ ਮਸਜਿਦ ਦੇ ਮਾਮਲੇ ਨਾਲ ਵੀ ਜੁੜੇ ਰਹੇ ਹਨ | ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਪੀ.ਐਸ. ਨਰਸਿਮ੍ਹਾ 'ਤੇ ਆਧਾਰਿਤ ਬੈਂਚ ਵਲੋਂ ਗਿਆਨਵਾਪੀ ਸਰਵੇਖਣ ਖ਼ਿਲਾਫ਼ ਮੁਸਲਮਾਨ ਧਿਰ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਹੈ |