ਭਾਰਤ ਜੂਨ ਤੱਕ ਤਾਇਨਾਤ ਕਰ ਸਕਦੈ ਰੂਸੀ ਮਿਜ਼ਾਈਲ ਪ੍ਰਣਾਲੀ: ਪੈਂਟਾਗਨ

ਭਾਰਤ ਜੂਨ ਤੱਕ ਤਾਇਨਾਤ ਕਰ ਸਕਦੈ ਰੂਸੀ ਮਿਜ਼ਾਈਲ ਪ੍ਰਣਾਲੀ: ਪੈਂਟਾਗਨ

ਭਾਰਤ ਜੂਨ ਤੱਕ ਤਾਇਨਾਤ ਕਰ ਸਕਦੈ ਰੂਸੀ ਮਿਜ਼ਾਈਲ ਪ੍ਰਣਾਲੀ: ਪੈਂਟਾਗਨ
ਵਾਸ਼ਿੰਗਟਨ-ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਦੇ ਸਿਖਰਲੇ ਖ਼ੁਫ਼ੀਆ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਚੀਨ ਦੇ ਖ਼ਤਰੇ ਕਾਰਨ ਮੁਲਕ ਦੀ ਰੱਖਿਆ ਲਈ ਭਾਰਤ ਦਾ ਅਗਲੇ ਮਹੀਨੇ ਤੱਕ ਐੱਸ-400 ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰਨ ਦਾ ਇਰਾਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਫ਼ੌਜ ਦੇ ਵਿਆਪਕ ਆਧੁਨਿਕੀਕਰਨ ’ਚ ਲੱਗਾ ਹੋਇਆ ਹੈ ਜਿਸ ’ਚ ਹਵਾਈ, ਥਲ ਅਤੇ ਜਲ ਸੈਨਾ ਸਮੇਤ ਰਣਨੀਤਕ ਪਰਮਾਣੂ ਬਲ ਸ਼ਾਮਲ ਹਨ। ਅਮਰੀਕੀ ਰੱਖਿਆ ਖ਼ੁਫ਼ੀਆ ਏਜੰਸੀ ਦੇ ਡਾਇਰੈਕਟਰ ਲੈਫ਼ਟੀਨੈਂਟ ਜਨਰਲ ਸਕੌਟ ਬੇਰੀਅਰ ਨੇ ਸੰਸਦ ਦੀ ਹਥਿਆਰਬੰਦ ਸੇਵਾਵਾਂ ਬਾਰੇ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਪਿਛਲੇ ਸਾਲ ਦਸੰਬਰ ’ਚ ਰੂਸ ਤੋਂ ਐੱਸ-400 ਮਿਜ਼ਾਈਲ ਪ੍ਰਣਾਲੀ ਮਿਲਣੀ ਸ਼ੁਰੂ ਹੋ ਗਈ ਸੀ। ਅਕਤੂਬਰ 2021 ਤੱਕ ਭਾਰਤੀ ਫ਼ੌਜ ਆਪਣੀ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਤੇ ਸਾਈਬਰ ਸਮਰੱਥਾ ਨੂੰ ਵਧਾਉਣ ਲਈ ਵਿਕਸਤ ਨਿਗਰਾਨ ਪ੍ਰਣਾਲੀਆਂ ਦੀ ਖ਼ਰੀਦ ਬਾਰੇ ਵਿਚਾਰ ਕਰ ਰਹੀ ਸੀ। ਬੇਰੀਅਰ ਨੇ ਕਿਹਾ,‘‘ਭਾਰਤ ਆਪਣੀਆਂ ਹਾਈਪਰਸੋਨਿਕ, ਬੈਲਿਸਟਿਕ, ਕਰੂਜ਼ ਮਿਜ਼ਾਈਲਾਂ ਬਣਾ ਰਿਹਾ ਹੈ ਅਤੇ ਉਹ ਹਵਾਈ ਰੱਖਿਆ ਮਿਜ਼ਾਈਲ ਸਮਰੱਥਾਵਾਂ ਨੂੰ ਵਿਕਸਤ ਕਰ ਰਿਹਾ ਹੈ ਜਿਨ੍ਹਾਂ ਦੇ 2021 ਤੋਂ ਲਗਾਤਾਰ ਕਈ ਪ੍ਰੀਖਣ ਕੀਤੇ ਜਾ ਰਹੇ ਹਨ। ਪੁਲਾੜ ’ਚ ਭਾਰਤ ਦੇ ਸੈਟੇਲਾਈਟਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਹ ਆਪਣਾ ਅਸਰ ਵਧਾ ਰਿਹਾ ਹੈ।’’ ਭਾਰਤ ਇੰਟੈਗ੍ਰੇਟਿਡ ਥੀਏਟਰ ਕਮਾਂਡ ਸਥਾਪਤ ਕਰਨ ਵੱਲ ਕਦਮ ਵਧਾ ਰਿਹਾ ਹੈ ਜਿਸ ਨਾਲ ਉਸ ਦੀਆਂ ਤਿੰਨੋਂ ਸੈਨਾਵਾਂ ਦੀ ਸਾਂਝੀ ਤਾਕਤ ’ਚ ਹੋਰ ਸੁਧਾਰ ਹੋਵੇਗਾ। ਬੇਰੀਅਰ ਮੁਤਾਬਕ ਭਾਰਤ ਦੇ ਰੂਸ ਨਾਲ ਰੱਖਿਆ ਸਬੰਧ ਲੰਬੇ ਸਮੇਂ ਤੋਂ ਹਨ ਅਤੇ ਉਸ ਨੇ ਯੂਕਰੇਨ ’ਤੇ ਰੂਸ ਦੇ ਹਮਲੇ ਦੇ ਮਾਮਲੇ ’ਤੇ ਵੀ ਨਿਰਪੱਖ ਰੁਖ਼ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਹਿੰਦ ਪ੍ਰਸ਼ਾਂਤ ਖਿੱਤੇ ’ਚ ਸਥਿਰਤਾ ਯਕੀਨੀ ਬਣਾਉਣ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੈਂਟਾਗਨ ਅਧਿਕਾਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਸਰਕਾਰ ਦੇ ਸੱਤਾ ਛੱਡਣ ਮਗਰੋਂ ਭਾਰਤ ਹਮਲੇ ਦੇ ਖ਼ਦਸ਼ੇ ਤੋਂ ਫਿਕਰਮੰਦ ਹੈ। ਭਾਰਤ ਨੂੰ ਫਿਕਰ ਹੈ ਕਿ ਪਾਕਿਸਤਾਨ ਦੀਆਂ ਅਤਿਵਾਦੀ ਜਥੇਬੰਦੀਆਂ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ, ਜਿਨ੍ਹਾਂ ਨੂੰ ਅਫ਼ਗਾਨਿਸਤਾਨ ਦੇ ਤਾਲਿਬਾਨ ਦੀ ਹਮਾਇਤ ਹਾਸਲ ਹੈ, ਉਨ੍ਹਾਂ ’ਤੇ ਹਮਲੇ ਕਰ ਸਕਦੀਆਂ ਹਨ। 

Radio Mirchi