ਚੀਨ ਨੇ ਤਾਇਵਾਨ ’ਤੇ ਹਮਲਾ ਕੀਤਾ ਤਾਂ ਫ਼ੌਜੀ ਕਾਰਵਾਈ ਕਰਾਂਗੇ:ਬਾਇਡਨ

ਚੀਨ ਨੇ ਤਾਇਵਾਨ ’ਤੇ ਹਮਲਾ ਕੀਤਾ ਤਾਂ ਫ਼ੌਜੀ ਕਾਰਵਾਈ ਕਰਾਂਗੇ:ਬਾਇਡਨ

ਚੀਨ ਨੇ ਤਾਇਵਾਨ ’ਤੇ ਹਮਲਾ ਕੀਤਾ ਤਾਂ ਫ਼ੌਜੀ ਕਾਰਵਾਈ ਕਰਾਂਗੇ:ਬਾਇਡਨ
ਟੋਕੀਓ-ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਸ ਨੇ ਤਾਇਵਾਨ ’ਤੇ ਹਮਲਾ ਕਰਨ ਦੀ ਹਿਮਾਕਤ ਕੀਤੀ ਤਾਂ ਅਮਰੀਕਾ ਫ਼ੌਜੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕੀਤੇ ਜਾਣ ਮਗਰੋਂ ਤਾਇਵਾਨ ਦੀ ਰੱਖਿਆ ਕਰਨ ਦਾ ਦਬਾਅ ਵਧੇਰੇ ਹੈ। ਅਮਰੀਕਾ ਨੇ ਤਾਇਵਾਨ ਦੀ ਰਾਖੀ ਦੀ ਵਚਨਬੱਧਤਾ ਦੁਹਰਾਈ ਹੈ। ਅਮਰੀਕਾ ਤਾਇਵਾਨ ਦੀ ਸੁਰੱਖਿਆ ਗਾਰੰਟੀ ਬਾਰੇ ਅਜਿਹੇ ਤਿੱਖੇ ਬਿਆਨ ਦੇਣ ਤੋਂ ਗੁਰੇਜ਼ ਕਰਦਾ ਆਇਆ ਹੈ ਕਿਉਂਕਿ ਉਸ ਦੀ ਤਾਇਵਾਨ ਨਾਲ ਰੱਖਿਆ ਸੰਧੀ ਨਹੀਂ ਹੈ। ਇਸ ਦੀ ਬਜਾਏ ਉਹ ਰਣਨੀਤਕ ਅਸਪੱਸ਼ਟਤਾ ਦੀ ਨੀਤੀ ਅਪਣਾਉਂਦਾ ਰਿਹਾ ਹੈ। ਟਾਪੂ ਨਾਲ ਅਮਰੀਕਾ ਦੇ ਸਬੰਧਾਂ ਬਾਰੇ 1979 ਦੇ ਤਾਇਵਾਨ ਰਿਲੇਸ਼ਨਸ ਐਕਟ ਤਹਿਤ ਚੀਨ ਵੱਲੋਂ ਹਮਲਾ ਕਰਨ ’ਤੇ ਤਾਇਵਾਨ ਦੀ ਰੱਖਿਆ ਲਈ ਅਮਰੀਕਾ ਨੂੰ ਫ਼ੌਜੀ ਕਦਮ ਉਠਾਉਣ ਦੀ ਲੋੜ ਨਹੀਂ ਹੈ ਪਰ ਇਹ ਯਕੀਨੀ ਬਣਾਉਣਾ ਅਮਰੀਕਾ ਦੀ ਨੀਤੀ ਹੈ ਕਿ ਤਾਇਵਾਨ ਕੋਲ ਆਪਣੀ ਰੱਖਿਆ ਕਰਨ ਅਤੇ ਚੀਨ ਵੱਲੋਂ ਤਾਇਵਾਨ ’ਚ ਇਕਪਾਸੜ ਬਦਲਾਅ ਕਰਨ ਦੀ ਕੋਸ਼ਿਸ਼ ਨੂੰ ਰੋਕਣ ਲਈ ਉਸ ਕੋਲ ਵਸੀਲੇ ਹੋਣ। ਇਸ ਦੌਰਾਨ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਾਇਡਨ ਦਾ ਬਿਆਨ ਨੀਤੀ ’ਚ ਕਿਸੇ ਬਦਲਾਅ ਨੂੰ ਨਹੀਂ ਦਰਸਾਉਂਦਾ ਹੈ। 
ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਦੀ ਹਾਜ਼ਰੀ ’ਚ ਬਾਇਡਨ ਨੇ ਕਿਹਾ ਕਿ ਤਾਇਵਾਨ ਖ਼ਿਲਾਫ਼ ਤਾਕਤ ਦੀ ਵਰਤੋਂ ਕਰਨ ਦਾ ਚੀਨ ਦਾ ਕਦਮ ਨਾ ਸਿਰਫ਼ ਗ਼ੈਰਵਾਜਬ ਹੋਵੇਗਾ ਸਗੋਂ ਇਹ ਪੂਰੇ ਖਿੱਤੇ ਨੂੰ ਕੱਟ-ਵੱਢ ਦੇਵੇਗਾ ਅਤੇ ਯੂਕਰੇਨ ’ਚ ਕੀਤੀ ਕਾਰਵਾਈ ਦੇ ਤੁੱਲ ਹੋਵੇਗਾ।  
ਬਾਇਡਨ ਦੇ ਇਸ ਬਿਆਨ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੇਨਬਿਨ ਨੇ ਕਿਹਾ ਕਿ ਤਾਇਵਾਨ, ਚੀਨ ਦਾ ਅਨਿੱਖੜਵਾਂ ਅੰਗ ਹੈ। ਉਸ ਮੁਤਾਬਕ ਇਹ ਚੀਨ ਦਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਵਿਦੇਸ਼ੀ ਮੁਲਕ ਨੂੰ ਇਸ ’ਚ ਦਖ਼ਲ ਨਹੀਂ ਦੇਣਾ ਚਾਹੀਦਾ ਹੈ।

Radio Mirchi