ਜੇਲ੍ਹ ਵਿੱਚ ਬਾਜਰੇ ਦੀ ਰੋਟੀ ਨਾਲ ਸਲਾਦ ਛਕਣਗੇ ਨਵਜੋਤ ਸਿੱਧੂ

ਜੇਲ੍ਹ ਵਿੱਚ ਬਾਜਰੇ ਦੀ ਰੋਟੀ ਨਾਲ ਸਲਾਦ ਛਕਣਗੇ ਨਵਜੋਤ ਸਿੱਧੂ

ਪਟਿਆਲਾ-ਸੁਪਰੀਮ ਕੋਰਟ ਵੱੱਲੋਂ ਸੁਣਾਈ ਇੱਕ ਸਾਲ ਦੀ ਕੈਦ ਦੀ ਸਜ਼ਾ ਦੇ ਚੱਲਦਿਆਂ ਜੇਲ੍ਹ ’ਚ ਬੰਦ ਕੀਤੇ ਕਾਂਗਰਸ ਨੇਤਾ ਨਵਜੋਤ ਸਿੱੱਧੂ ਨੂੰ ਸਿਹਤ ਦੀ ਸਮੱਸਿਆ ਕਾਰਨ ਢੁਕਵੀਂ ਡਾਈਟ ਸਬੰਧੀ ਮੈਡੀਕਲ ਜਾਂਚ ਲਈ ਅੱਜ ਜੇਲ੍ਹ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਅਦਾਲਤ ਦੇ ਆਦੇਸ਼ਾਂ ’ਤੇ ਬਣਾਏ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਚਾਰ ਘੰਟਿਆਂ ਤੋਂ ਵੱਧ ਸਮਾਂ ਮੈਡੀਕਲ ਜਾਂਚ ਕੀਤੀ ਗਈ।
ਸ੍ਰੀ ਸਿੱਧੂ ਵੱਲੋਂ ਕਣਕ ਤੋਂ ਐਲਰਜੀ ਦੇ ਦਿੱਤੇ ਤਰਕ ਸਬੰਧੀ ਤਾਂ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਸੂਤਰਾਂ ਮੁਤਾਬਿਕ ਸ੍ਰੀ ਸਿੱਧੂ ਦੀ ਜਾਂਚ ਮਗਰੋਂ ਡਾਕਟਰਾਂ ਵੱਲੋਂ ਮੁੱਖ ਤੌਰ ’ਤੇ ਉਨ੍ਹਾਂ ਨੂੰ ਬਾਜਰੇ ਦੀ ਰੋਟੀ ਖਾਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਉਬਲੀਆਂ ਸਬਜ਼ੀਆਂ ਅਤੇ ਵੱਧ ਤੋਂ ਵੱਧ ਸਲਾਦ ਖਾਣ ਸਣੇ ਚੁਕੰਦਰ ਦਾ ਜੂਸ ਪੀਣ ’ਤੇ ਵੀ ਜ਼ੋਰ ਦਿੱਤਾ।
ਪ੍ਰਾਪਤ ਵੇਰਵਿਆਂ ਅਨੁਸਾਰ ਇਸ ਦੌਰਾਨ ਹੀ ਕਾਂਗਰਸ ਨੇਤਾ ਨੂੰ ਫੈਟੀ ਲਿਵਰ ਦੀ ਸਮੱਸਿਆ ਵੀ ਸਾਹਮਣੇ ਆਈ ਹੈ। ਸ੍ਰੀ ਸਿੱਧੂ ਦਾ ਖ਼ੂਨ ਵਧੇਰੇ ਗਾੜ੍ਹਾ ਹੋਣ ਦਾ ਵੀ ਪਤਾ ਲੱਗਿਆ ਹੈ। ਇਸ ਲਈ ਅੱਜ ਦੇ ਡਾਕਟਰੀ ਬੋਰਡ ਨੇ ਉਨ੍ਹਾਂ ਨੂੰ ਜ਼ਿੰਦਗੀ ਭਰ ਖ਼ੂਨ ਪਤਲਾ ਕਰਨ ਵਾਲ਼ੀ ਦਵਾਈ ਲੈਣ ਦਾ ਮਸ਼ਵਰਾ ਵੀ ਦਿੱਤਾ। ਡਾਕਟਰਾਂ ਨੇ ਸਿੱਧੂ ਨੂੰ ਵਜ਼ਨ ਘਟਾਉਣ ਦੀ ਰਾਇ ਵੀ ਦਿੱਤੀ। ਡਾਕਟਰਾਂ ਦੇ ਇਸ ਪੈਨਲ ’ਚ ਮੈਡੀਸਨ ਮਾਹਿਰ ਡਾ. ਅਸ਼ੀਸ਼ ਭਗਤ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੌਰਵ ਸ਼ਰਮਾ ਅਤੇ ਸੀਨੀਅਰ ਡਾਈਟੀਸ਼ੀਅਨ ਡਾ. ਰਮਨਜੀਤ ਕੌਰ ਸ਼ਾਮਲ ਸਨ। ਅੱਜ ਕੀਤੇ ਕੁਝ ਟੈਸਟਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਨੇ ਕਿਹਾ ਕਿ ਮੈਡੀਕਲ ਰਿਪੋਰਟ ਸੋਮਵਾਰ ਸ਼ਾਮੀ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਤੱਕ ਪੁੱਜਦੀ ਕਰ ਦਿੱਤੀ ਗਈ ਹੈ। ਜੇਲ੍ਹ ਅਧਿਕਾਰੀ ਵੱਲੋਂ ਇਹ ਰਿਪੋਰਟ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਭੇਜੀ ਜਾਵੇਗੀ। ਰਿਪੋਰਟ ਵਾਚਣ ਮਗਰੋਂ ਹੀ ਅਦਾਲਤ ਡਾਈਟ ਸਬੰਧੀ ਅਗਲਾ ਹੁਕਮ ਜਾਰੀ ਕਰੇਗੀ।
ਜ਼ਿਕਰਯੋਗ ਹੈ ਕਿ ਜੇਲ੍ਹ ਆਉਣ ਤੋਂ ਪਹਿਲਾਂ ਕਾਂਗਰਸ ਨੇਤਾ ਨੇ ਆਪਣੇ ਵਕੀਲ ਐਚਪੀਐਸ ਵਰਮਾ ਰਾਹੀਂ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਉਸ ਨੂੰ ਕਣਕ ਦੀ ਰੋਟੀ ਤੋਂ ਐਲਰਜੀ ਹੋਣ ਦਾ ਤਰਕ ਦਿੰਦਿਆਂ, ਉਸ ਦੇ ਪਰਿਵਾਰਕ ਡਾਕਟਰ ਵੱਲੋਂ ਸੁਝਾਈ ਡਾਈਟ ਲੈਣ ਦੀ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ ਸੀ। ਇਸ ਕਰ ਕੇ ਹੀ ਅਦਾਲਤ ਵੱਲੋਂ ਡਾਕਟਰਾਂ ਦਾ ਬੋਰਡ ਗਠਿਤ ਕਰ ਕੇ 23 ਮਈ ਤੱਕ ਰਿਪੋਰਟ ਮੰਗੀ ਗਈ ਸੀ।
ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਨੂੰ ਜੇਲ੍ਹ ’ਚ ਚਾਰ ਦਿਨ ਹੋ ਗਏ ਹਨ। ਇਸ ਦੌਰਾਨ ਉਹ ਸਲਾਦ, ਫਲ਼ ਤੇ ਉਬਲ਼ੀਆਂ ਸਬਜ਼ੀਆਂ ਹੀ ਖਾ ਰਹੇ ਹਨ। ਜੇਲ੍ਹ ਦੀ ਤਰਫ਼ੋਂ ਸਵੇਰ ਸ਼ਾਮ ਦਾਲ ਜਾਂ ਸਬਜ਼ੀ ਨਾਲ ਸੱਤ-ਸੱਤ ਰੋਟੀਆਂ ਦਿੱਤੀਆਂ ਜਾਂਦੀਆਂ ਹਨ।

Radio Mirchi