ਮੁਕਤ, ਖੁੱਲ੍ਹੇ ਤੇ ਇਕਜੁੱਟ ਹਿੰਦ-ਪ੍ਰਸ਼ਾਂਤ ਖਿੱਤੇ ਲਈ ਭਾਰਤ ਵਚਨਬੱਧ: ਮੋਦੀ

ਮੁਕਤ, ਖੁੱਲ੍ਹੇ ਤੇ ਇਕਜੁੱਟ ਹਿੰਦ-ਪ੍ਰਸ਼ਾਂਤ ਖਿੱਤੇ ਲਈ ਭਾਰਤ ਵਚਨਬੱਧ: ਮੋਦੀ

ਟੋਕੀਓ-ਭਾਰਤ ਨੇ ਖੁੱਲ੍ਹੇ, ਮੁਕਤ ਤੇ ਇਕਜੱੁਟ ਹਿੰਦ-ਪ੍ਰਸ਼ਾਂਤ ਖਿੱਤੇ ਦੀ ਵਚਨਬੱਧਤਾ ਜ਼ਾਹਿਰ ਕਰਦੇ ਹੋਏ ਭਾਈਵਾਲ ਮੁਲਕਾਂ ਨਾਲ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ ਤਾਂ ਕਿ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਖ਼ੁਸ਼ਹਾਲੀ ਲਈ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟੇ (ਆਈਪੀਈਐੱਫ) ਦੀ ਸ਼ੁਰੂਆਤ ਲਈ ਰੱਖੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਇਸ ਅਹਿਮ ਸਮਾਗਮ ਵਿੱਚ ਹੋਰਨਾਂ ਮੁਲਕਾਂ ਨਾਲ ਜੁੜ ਕੇ ਖੁਸ਼ੀ ਹੋ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟਾ ਇਸ ਖੇਤਰ ਨੂੰ ਆਲਮੀ ਆਰਥਿਕ ਵਿਕਾਸ ਦਾ ਇੰਜਨ ਬਣਾਉਣ ਦੀ ਸਾਡੀ ਸਮੂਹਿਕ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਇਸ ਅਹਿਮ ਪੇਸ਼ਕਦਮੀ ਲਈ ਮੈਂ ਰਾਸ਼ਟਰਪਤੀ ਬਾਇਡਨ ਨੂੰ ਵਧਾਈ ਦਿੰਦਾ ਹਾਂ। ਹਿੰਦ ਪ੍ਰਸ਼ਾਂਤ ਆਰਥਿਕ ਸਰਗਰਮੀਆਂ, ਆਲਮੀ ਵਪਾਰ ਤੇ ਨਿਵੇਸ਼ ਦਾ ਕੇਂਦਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਕਾਰੋਬਾਰ ਦੇ ਵਹਿਣ ਵਿੱਚ ਭਾਰਤ ਸਦੀਆਂ ਤੋਂ ਪ੍ਰਮੁੱਖ ਕੇਂਦਰ ਰਿਹਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਵਿਸ਼ਵ ਦੀ ਸਭ ਤੋਂ  ਪੁਰਾਣੀ ਵਪਾਰਕ ਬੰਦਰਗਾਹ ਭਾਰਤ ਵਿੱਚ ਉਨ੍ਹਾਂ ਦੇ ਪਿਤਰੀ ਰਾਜ ਲੋਥਲ ਵਿੱਚ ਹੈ, ਲਿਹਾਜ਼ਾ ਇਹ ਜ਼ਰੂਰੀ ਹੈ ਕਿ ਅਸੀਂ ਇਸ ਖੇਤਰ ਦੀਆਂ ਆਰਥਿਕ ਚੁਣੌਤੀਆਂ ਲਈ ਸਾਂਝਾ ਹੱਲ ਖੋਜੀੲੇ ਤੇ ਰਚਨਾਤਮਕ ਪ੍ਰਬੰਧ ਬਣਾਈਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਕ ਸੰਮਲਿਤ ਤੇ ਮਜ਼ਬੂਤ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟੇ ਦੇ ਨਿਰਮਾਣ ਲਈ ਸਾਰਿਆਂ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਸਾਡੇ ਦਰਮਿਆਨ ਲਚਕਦਾਰ ਸਪਲਾਈ ਚੇਨਾਂ ਦੇ ਤਿੰਨ ਮੁੱਖ ਆਧਾਰ- ਵਿਸ਼ਵਾਸ, ਪਾਰਦਰਸ਼ਤਾ ਤੇ ਸਮਾਂਬੱਧਤਾ ਹੋਣੇ ਚਾਹੀਦੇ ਹਨ।’’ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਚੌਖਟਾ ਇਨ੍ਹਾਂ ਤਿੰਨ ਥੰਮ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ ਅਤੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੇ ਰਾਹ ਖੋਲ੍ਹੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਈਪੀਈਐੱਫ ਜ਼ਰੀਏ ਮੈਂਬਰ ਮੁਲਕਾਂ ਦਰਮਿਆਨ ਆਰਥਿਕ ਗੱਠਜੋੜ ਮਜ਼ਬੂਤ ਬਣਾਉਣ ’ਤੇ ਜ਼ੋਰ ਦੇਣ ਦੀ ਗੱਲ ਕਹੀ ਗਈ ਹੈ, ਜਿਸ ਦਾ ਮੰਤਵ ਮਜ਼ਬੂਤੀ, ਆਰਥਿਕ ਵਿਕਾਸ, ਨਿਰਪੱਖਪਤਾ ਤੇ ਮੁਕਾਬਲੇ ਨੂੰ ਹੱਲਾਸ਼ੇਰੀ ਦੇਣਾ ਹੈ। 

Radio Mirchi