ਵਿਸ਼ਵ ਦੇ ਸਭ ਤੋਂ ਲੰਬੀ ਦਾੜ੍ਹੀ ਵਾਲੇ ਸਿੱਖ ਗਿਆਨੀ ਸਰਵਣ ਸਿੰਘ ਨੂੰ ਗਿਨੀਜ਼ ਬੁੱਕ ਆਫ ਰਿਕਾਰਡ ਵਲੋਂ ਪ੍ਰਸੰਸਾ ਪੱਤਰ

ਵਿਸ਼ਵ ਦੇ ਸਭ ਤੋਂ ਲੰਬੀ ਦਾੜ੍ਹੀ ਵਾਲੇ ਸਿੱਖ ਗਿਆਨੀ ਸਰਵਣ ਸਿੰਘ ਨੂੰ ਗਿਨੀਜ਼ ਬੁੱਕ ਆਫ ਰਿਕਾਰਡ ਵਲੋਂ ਪ੍ਰਸੰਸਾ ਪੱਤਰ
ਲੰਡਨ- ਵਿਸ਼ਵ ਦੇ ਸਭ ਤੋਂ ਲੰਮੀ ਦਾਹੜੀ ਦਾ ਰਿਕਾਰਡ ਬਣਾਉਣ ਵਾਲੇ ਸਿੱਖ ਗਿਆਨੀ ਸਰਵਣ ਸਿੰਘ ਨੂੰ ਯੂ.ਕੇ. 'ਚ ਗਿਨੀਜ਼ ਬੁੱਕ ਆਫ ਰਿਕਾਰਡ ਦੇ ਲੰਡਨ ਦਫਤਰ ਵਲੋਂ ਪ੍ਰਸੰਸਾ ਪੱਤਰ ਭੇਟ ਕੀਤਾ ਗਿਆ | ਅਜੀਤ ਨਾਲ ਗੱਲ ਕਰਦਿਆਂ ਗਿਆਨੀ ਸਰਵਣ ਸਿੰਘ ਨੇ ਕਿਹਾ ਕਿ ਇਹ ਧੰਨ ਗੁਰੂ ਰਾਮਦਾਸ ਜੀ ਦੀ ਕਿ੍ਪਾ ਹੈ, ਗੁਰੂ ਸਾਹਿਬ ਵਲੋਂ ਕੀਤੇ ਹੁਕਮ ਅਨੁਸਾਰ ਹੀ ਉਹ ਇਸ ਦੀ ਸੰਭਾਲ ਸਧਾਰਨ ਤਰੀਕੇ ਨਾਲ ਹੀ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸੰਨ 2000 ਵਿਚ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਦਿਆਂ ਉਨ੍ਹਾਂ ਦਾ ਦਾਹੜਾ ਗਿੱਟਿਆਂ ਤੱਕ ਪਹੁੰਚ ਗਿਆ ਸੀ, ਉਸ ਤੋਂ ਬਾਅਦ ਖਾਸ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ | ਕੈਨੇਡਾ ਆ ਕੇ ਦਾਹੜੇ ਦੀ ਲੰਬਾਈ ਹੋਰ ਵੀ ਵੱਧਣੀ ਸ਼ੁਰੂ ਹੋ ਗਈ, 2008 ਵਿਚ ਗਿਨੀਜ਼ ਵਰਲਡ ਬੁੱਕ ਵਿਚ ਦਰਜ ਹੋਇਆ, ਉਸ ਸਮੇਂ ਲੰਬਾਈ 7 ਫੁੱਟ 8 ਇੰਚ ਸੀ | 2012 ਵਿਚ 8 ਫੁੱਟ ਢਾਈ ਇੰਚ ਤੋਂ ਵੱਧ ਸੀ ਅਤੇ ਹੁਣ ਲਗਪਗ ਸਾਢੇ 8 ਤੋਂ 9 ਫੁੱਟ ਹੋਵੇਗੀ, ਪਰ ਕਦੇ ਮਿਣਤੀ ਨਹੀਂ ਕੀਤੀ | ਖੁਸ਼ੀ ਹੈ ਕਿ ਇਸ ਰਿਕਾਰਡ ਨੂੰ ਜਾਰੀ ਰੱਖਦੇ ਹੋਏ ਗਿਨੀਜ਼ ਬੁੱਕ ਆਫ ਰਿਕਾਰਡ ਵਲੋਂ 2022 ਪ੍ਰਸੰਸਾ ਪੱਤਰ ਮੁੜ ਜਾਰੀ ਕੀਤਾ ਗਿਆ ਹੈ |