ਕਾਂਗਰਸੀ ਤੇ ਅਕਾਲੀ ਆਗੂ ਭਾਜਪਾ ’ਚ ਸ਼ਾਮਲ

ਕਾਂਗਰਸੀ ਤੇ ਅਕਾਲੀ ਆਗੂ ਭਾਜਪਾ ’ਚ ਸ਼ਾਮਲ

ਕਾਂਗਰਸੀ ਤੇ ਅਕਾਲੀ ਆਗੂ ਭਾਜਪਾ ’ਚ ਸ਼ਾਮਲ
ਚੰਡੀਗੜ੍ਹ-ਪੰਜਾਬ ਦੇ ਚਾਰ ਸਾਬਕਾ ਕਾਂਗਰਸੀ ਮੰਤਰੀਆਂ, ਸਾਬਕਾ ਵਿਧਾਇਕਾਂ ਅਤੇ ਅਕਾਲੀ ਦਲ ਦੇ ਦੋ ਸਾਬਕਾ ਵਿਧਾਇਕਾਂ ਨੇ ਭਾਜਪਾ ਵਿੱਚ ਇਕੱਠਿਆਂ ਸ਼ਮੂਲੀਅਤ ਕਰਕੇ ਸੂਬੇ ਵਿੱਚ ਇੱਕ ਦਿਨ ’ਚ ਹੋਣ ਵਾਲੀ ਸਭ ਤੋਂ ਵੱਡੀ ਦਲਬਦਲੀ ਕੀਤੀ ਹੈ। ਪੰਜਾਬ ’ਚ ਸਾਲ 2017 ਤੋਂ 2022 ਤੱਕ ਕਾਂਗਰਸ ਦੇ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ, ਡਾ. ਰਾਜ ਕੁਮਾਰ ਵੇਰਕਾ, ਕੇਵਲ ਸਿੰਘ ਢਿੱਲੋਂ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਉਰਫ਼ ਜੀਤੀ ਸਿੱਧੂ, ਅਕਾਲੀ ਦਲ ਦੀ ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ’ਚ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਰਾਜਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਆਉਂਦੇ ਦਿਨਾਂ ਦੌਰਾਨ ਕਾਂਗਰਸ ਦੇ ਕਈ ਹੋਰ ਆਗੂ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼ਾਹ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਸੂਬੇ ਵਿੱਚ ਵੱਡੀ ਭੂਮਿਕਾ ਨਿਭਾਏਗੀ। ਪਾਰਟੀ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਏਕਤਾ ਬਣਾਈ ਰੱਖਣ ਲਈ ਭਾਜਪਾ ਨੇ ਇਸ ਤੋਂ ਪਹਿਲਾਂ ਛੋਟੇ ਭਾਈਵਾਲ ਵਾਲੀ ਭੂਮਿਕਾ ਨਿਭਾਉਣਾ ਹੀ ਆਪਣਾ ਧਰਮ ਸਮਝਿਆ ਸੀ। ਪੰਜਾਬ ਸਰਕਾਰ ’ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ’ਚ ਹੀ ਜਿਵੇਂ ਸੂਬੇ ਦੀ ਹਾਲਤ ਨਿੱਘਰ ਗਈ ਹੈ, ਉਸ ਤੋਂ ਸਾਫ਼ ਝਲਕਦਾ ਹੈ ਕਿ ਆਉਣ ਵਾਲੇ 5 ਸਾਲਾਂ ਦੌਰਾਨ ਇਸ ਸਰਹੱਦੀ ਸੂਬੇ ਵਿੱਚ ਕੀ ਹੋਣ ਵਾਲਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਮਾਮਲੇ ’ਚ ਕੇਂਦਰ ਸਰਕਾਰ ਕਦੇ ਵੀ ਪਾਣੀ ਸਿਰ ਉਪਰੋਂ ਨਹੀਂ ਲੰਘਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਪੰਜਾਬ ਨੇ ਭਾਵੇਂ ਸਰਹੱਦ ’ਤੇ ਲੜਾਈ ਲੜਨੀ ਹੋਵੇ ਤੇ ਭਾਵੇਂ ਦੇਸ਼ ਦਾ ਢਿੱਡ ਭਰਨ ਲਈ ਖੇਤਾਂ ਵਿੱਚ ਮਿਹਨਤ ਕਰਨੀ ਹੋਵੇ, ਹਮੇਸ਼ਾ ਹੀ ਮੋਹਰੀ ਭੂਮਿਕਾ ਨਿਭਾਈ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਅਹਿਸਾਸ ਹੈ। ਇਸ ਲਈ ਪੰਜਾਬ ’ਤੇ ਕਿਸੇ ਵੀ ਤਰ੍ਹਾਂ ਦੇ ਸੰਕਟ ਦੀ ਘੜੀ ਵਿੱਚ ਪੂਰਾ ਮੁਲਕ ਹੀ ਇਸ ਸਰਹੱਦੀ ਸੂਬੇ ਦੇ ਨਾਲ ਖੜ੍ਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਹੋਰ ਆਗੂਆਂ ਨੇ ਪਾਰਟੀ ’ਚ ਸ਼ਾਮਲ ਹੋਏ ਨਵੇਂ ਸਿਆਸੀ ਮਹਿਮਾਨਾਂ ਦਾ ਸਵਾਗਤ ਕੀਤਾ।

Radio Mirchi