ਮੂਸੇਵਾਲਾ ਦੇ ਮਾਪਿਆਂ ਵੱਲੋਂ ਸ਼ਾਹ ਨਾਲ ਮੁਲਾਕਾਤ

ਮੂਸੇਵਾਲਾ ਦੇ ਮਾਪਿਆਂ ਵੱਲੋਂ ਸ਼ਾਹ ਨਾਲ ਮੁਲਾਕਾਤ
ਚੰਡੀਗੜ੍ਹ,-ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਆਪਣੇ ਪੁੱਤ ਦੇ ਕਾਤਲਾਂ ਨੂੰ ਕਾਬੂ ਕਰਨ ’ਚ ਮਦਦ ਮੰਗੀ। ਮਹਰੂਮ ਗਾਇਕ ਦੇ ਮਾਪਿਆਂ ਨੇ ਆਪਣੇ ਪੁੱਤ ਦੇ ਕਤਲ ਦੀ ਸਾਰੀ ਘਟਨਾ ਕੇਂਦਰੀ ਗ੍ਰਹਿ ਮੰਤਰੀ ਨਾਲ ਸਾਂਝੀ ਕੀਤੀ ਅਤੇ ਪੁਲੀਸ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ’ਤੇ ਨਾਖੁਸ਼ੀ ਵੀ ਪ੍ਰਗਟਾਈ। ਉਨ੍ਹਾਂ ਆਪਣੇ ਪੁੱਤ ਦੇ ਕਤਲ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਭਾਵੁਕ ਹੋ ਗਏ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਗਾਇਕ ਦੇ ਮਾਤਾ-ਪਿਤਾ ਨੂੰ ਇਨਸਾਫ਼ ਦਿਵਾਉਣ ਲਈ ਹਰ ਲੋੜੀਂਦੀ ਕਾਰਵਾਈ ਦਾ ਭਰੋੋਸਾ ਦਿਵਾਇਆ। ਬਲਕੌਰ ਸਿੰਘ ਤੇ ਉਨ੍ਹਾਂ ਦੀ ਪਤਨੀ ਅੱਜ ਬਾਅਦ ਦੁਪਹਿਰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ। ਸ੍ਰੀ ਸ਼ਾਹ ਨਾਲ ਇਹ ਮੀਟਿੰਗ ਹਵਾਈ ਅੱਡੇ ’ਤੇ ਹੀ ਕਰਵਾਈ ਗਈ। ਬਲਕੌਰ ਸਿੰਘ ਨੇ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਕੇਂਦਰ ਸਰਕਾਰ ਦੇ ਨਾਂ ਪੱਤਰ ਸੌਂਪਦਿਆਂ ਆਪਣੇ ਪੁੱਤ ਦੇ ਕਤਲ ਦੀ ਜਾਂਚ ਕੇਂਦਰੀ ਏਜੰਸੀਆਂ ਹਵਾਲੇ ਕਰਨ ਦੀ ਮੰਗ ਕੀਤੀ ਸੀ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਹੋਰ ਆਗੂ ਵੀ ਮੌਜੂਦ ਸਨ।
ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ ਚੋਣਾਂ ਕਿੱਥੇ ਸੁਝਦੀਆਂ ਨੇ: ਬਲਕੌਰ ਸਿੰਘ
ਰਾਜਸੀ ਧਿਰਾਂ ਵੱਲੋਂ ਬਲਕੌਰ ਸਿੰਘ ਨੂੰ ਸੰਗਰੂਰ ਸੰਸਦੀ ਹਲਕੇ ਤੋਂ ਚੋਣ ਲੜਾਏ ਜਾਣ ਦੀ ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਸਦਮੇ ਵਿੱਚੋਂ ਪਰਿਵਾਰ ਲੰਘ ਰਿਹਾ ਹੈ, ਉਸ ਦੇ ਮੱਦੇਨਜ਼ਰ ਰਾਜਨੀਤੀ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਗਾਇਕ ਦੇ ਪਿਤਾ ਨੇ ਇੱਥੋਂ ਤੱਕ ਕਿਹਾ ਕਿ ਅਜੇ ਤਾਂ ਉਸ ਦੇ ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ ਚੋਣਾਂ ਕਿੱਥੇ ਸੁਝਦੀਆਂ ਨੇ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤ ਨੂੰ ਲੋਕਾਂ ਨੇ ਬਹੁਤ ਪਿਆਰ-ਸਤਿਕਾਰ ਦਿੱਤਾ ਹੈ, ਜਿਸ ਦੇ ਉਹ ਹਮੇਸ਼ਾ ਰਿਣੀ ਰਹਿਣਗੇ, ਪਰ ਲੋਕ ਅਫ਼ਵਾਹਾਂ ਤੋਂ ਦੂਰ ਰਹਿਣ। ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ ਚੋਣ ਨਹੀਂ ਲੜਨੀ ਅਤੇ ਨਾ ਹੀ ਉਨ੍ਹਾਂ ਦਾ ਅਜਿਹਾ ਕੋਈ ਮਨ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਪ੍ਰਤੀਕਿਰਿਆਵਾਂ ਨਾ ਦੇਣ, ਬਲਕਿ ਉਸ ਦੇ ਪੁੱਤ ਦੇ ਕਾਤਲਾਂ ਨੂੰ ਫੜਾਉਣ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਸਹਿਯੋਗ ਕਰਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ 8 ਜੂਨ ਨੂੰ ਭੋਗ ਹੈ। ਉਸ ਦਿਨ ਉਹ ਕੁਝ ਹੋਰ ਗੱਲਾਂ ਵੀ ਸਾਂਝੀਆਂ ਕਰਨਗੇ।