ਜ਼ਿਮਨੀ ਚੋਣ: ਲੋਕ ਮੁੜ ਸਾਡੇ ’ਤੇ ਭਰੋਸਾ ਕਰਨਗੇ: ਭਗਵੰਤ ਮਾਨ

ਜ਼ਿਮਨੀ ਚੋਣ: ਲੋਕ ਮੁੜ ਸਾਡੇ ’ਤੇ ਭਰੋਸਾ ਕਰਨਗੇ: ਭਗਵੰਤ ਮਾਨ
ਸੰਗਰੂਰ,-ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਅੱਜ ਇੱਥੇ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਹਲਕਾ ਦੀ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਚੋਣ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਦੇ ਦਫ਼ਤਰ ਪੁੱਜ ਕੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਵੀ ਮੌਜੂਦ ਸਨ।
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਲਈ ਟਿਕਟ ਦੇ ਕੇ ਨਿਵਾਜਿਆ ਜਾਂਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਜਿਵੇਂ ਪਹਿਲਾਂ ਸੰਗਰੂਰ ਸੰਸਦੀ ਹਲਕੇ ਦੇ ਲੋਕਾਂ ਨੇ ਦੋ ਵਾਰ ‘ਆਪ’ ਦੇ ਹੱਕ ਵਿੱਚ ਫਤਵਾ ਦਿੱਤਾ ਹੈ, ਇਸ ਵਾਰ ਵੀ ਲੋਕ ਸਾਡੇ ’ਤੇ ਭਰੋਸਾ ਕਰਦਿਆਂ ਗੁਰਮੇਲ ਸਿੰਘ ਘਰਾਚੋਂ ਨੂੰ ਜਿਤਾਉਣਗੇ।
ਮੁੱਖ ਮੰਤਰੀ ਦੀ ਫੇਰੀ ਕਾਰਨ ਸਵੇਰ ਤੋਂ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਚੱਪੇ-ਚੱਪੇ ’ਤੇ ਪੁਲੀਸ ਤਾਇਨਾਤ ਸੀ। ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਦੋਵੇਂ ਮੁੱਖ ਗੇਟ ਬੰਦ ਕਰਕੇ ਪੁਲੀਸ ਤਾਇਨਾਤ ਕੀਤੀ ਹੋਈ ਸੀ ਅਤੇ ਕਿਸੇ ਨੂੰ ਵੀ ਦਫ਼ਤਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਪੰਜਾਬ ਪੁਲੀਸ ਮੁਲਾਜ਼ਮ ਲਾਈਨ ਬਣਾ ਕੇ ਖੜ੍ਹੇ ਕੀਤੇ ਹੋਏ ਸਨ ਤਾਂ ਕਿ ਕੋਈ ਵੀ ਮੀਡੀਆ ਕਰਮੀ ਅੱਗੇ ਨਾ ਜਾ ਸਕੇ। ਸੰਸਦ ਮੈਂਬਰ ਹੁੰਦਿਆਂ ਭਗਵੰਤ ਮਾਨ ਜਿਹੜੇ ਮੀਡੀਆ ਨੂੰ ਖ਼ੁਦ ਫੋਨ ਕਰਕੇ ਬੁਲਾਉਂਦੇ ਸੀ ਅੱਜ ਉਸੇ ਮੀਡੀਆ ਨਾਲ ਬਿਨਾਂ ਗੱਲਬਾਤ ਕੀਤਿਆਂ ਬਾਹਰ ਨਿਕਲ ਰਹੇ ਮੁੱਖ ਮੰਤਰੀ ਨੂੰ ਪਿੱਛੋਂ ਅਵਾਜ਼ ਦੇ ਕੇ ਰੋਕਣਾ ਪਿਆ। ਚੋਣ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਸਿਰਫ਼ ਕੈਮਰਾਮੈਨ ਅਤੇ ਫੋਟੋਗ੍ਰਾਫ਼ਰਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਗਿਆ।