ਬਾਇਡਨ ਜੋੜੇ ਦੀ ਸੁਰੱਖਿਆ ਵਿੱਚ ਸੰਨ੍ਹ

ਬਾਇਡਨ ਜੋੜੇ ਦੀ ਸੁਰੱਖਿਆ ਵਿੱਚ ਸੰਨ੍ਹ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਨੂੰ ਸ਼ਨਿੱਚਰਵਾਰ ਨੂੰ ਨੇੜਲੇ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਛੋਟਾ ਜਹਾਜ਼ ਦਾਖ਼ਲ ਹੋਣ ਮਗਰੋਂ ਡੈਲਾਵੇਅਰ ਸੂਬੇ ’ਚ ਰੈਹੋਬੋਥ ਬੀਚ ਵਿਚਲੇ ਬੀਚ ਹਾਊਸ ’ਚੋਂ ਥੋੜ੍ਹੇ ਸਮੇਂ ਲਈ ਬਾਹਰ ਕੱਢਣਾ ਪਿਆ ਹੈ। ਸਿਨਹੂਆ ਖ਼ਬਰ ਏਜੰਸੀ ਨੇ ਵ੍ਹਾਈਟ ਹਾਊਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ‘‘ਇਕ ਛੋਟਾ ਜਹਾਜ਼, ਜੋ ਸ਼ਾਇਦ ਗ਼ਲਤੀ ਨਾਲ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਦਾਖ਼ਲ ਹੋ ਗਿਆ। ਇਹਤਿਆਤ ਵਜੋਂ ਸਾਡੇ ਲੋੜੀਂਦੇ ਉਪਰਾਲੇ ਕੀਤੇ ਗਏ ਹਨ।’’ ਅਧਿਕਾਰੀ ਨੇ ਕਿਹਾ, ‘‘ਰਾਸ਼ਟਰਪਤੀ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਖ਼ਤਰਾ ਨਹੀਂ ਹੈ। ਉਹ ਆਪਣੀ ਰਿਹਾਇਸ਼ ’ਤੇ ਮੁੜ ਆਏ ਹਨ।’’ ਅਮਰੀਕੀ ਖ਼ੁਫੀਆ ਸੇਵਾ ਦੇ ਤਰਜਮਾਨ ਨੇ ਸ਼ਨਿੱਚਰਵਾਰ ਦੁਪਹਿਰ ਨੂੰ ਕਿਹਾ ਕਿ ‘ਨਿੱਜੀ ਮਾਲਕੀ ਵਾਲਾ ਜਹਾਜ਼ ਰੈਹੋਬੋਥ ਡੈਲਾਵੇਅਰ ਦੇ ਉਪਰ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਸ਼ਾਇਦ ਗ਼ਲਤੀ ਨਾਲ ਦਾਖ਼ਲ ਹੋਇਆ।’ ਤਰਜਮਾਨ ਨੇ ਇਕ ਬਿਆਨ ਵਿੱਚ ਕਿਹਾ, ‘‘ਜਹਾਜ਼ ਨੂੰ ਫੌਰੀ ਪਾਬੰਦੀਸ਼ੁਦਾ ਹਵਾਈ ਖੇਤਰ ’ਚੋਂ ਬਾਹਰ ਕੱਢਿਆ ਗਿਆ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਜਹਾਜ਼ ਦੇ ਪਾਇਲਟ ਉਚਿਤ ਰੇਡੀਓ ਚੈਨਲ ’ਤੇ ਨਹੀਂ ਸੀ ਤੇ ੳਹ ਨੋਟਾਮਸ (ਨੋਟਿਸ ਟੂ ਏਅਰਮੈੱਨ) ਦੀ ਪਾਲਣਾ ਵੀ ਨਹੀਂ ਕਰ ਰਿਹਾ ਸੀ।’’ ਖੁਫੀਆ ਵਿੰਗ ਵੱਲੋਂ ਪਾਇਲਟ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਇਡਨ ਅੱਜ ਐਤਵਾਰ ਨੂੰ ਵ੍ਹਾਈਟ ਹਾਊਸ ਪਰਤ ਜਾਣਗੇ।