ਘੱਲੂਘਾਰਾ ਹਫ਼ਤਾ: ਪੰਜਾਬ ਪੁਲੀਸ ਤੇ ਨੀਮ ਫ਼ੌਜੀ ਬਲਾਂ ਵੱਲੋਂ ਫਲੈਗ ਮਾਰਚ

ਘੱਲੂਘਾਰਾ ਹਫ਼ਤਾ: ਪੰਜਾਬ ਪੁਲੀਸ ਤੇ ਨੀਮ ਫ਼ੌਜੀ ਬਲਾਂ ਵੱਲੋਂ ਫਲੈਗ ਮਾਰਚ
ਐੱਸ.ਏ.ਐੱਸ. ਨਗਰ (ਮੁਹਾਲੀ)-ਪੰਜਾਬ ਵਿੱਚ ਚੱਲ ਰਹੇ ਘੱਲੂਘਾਰਾ ਹਫ਼ਤੇ ਤਹਿਤ ਇੱਥੇ ਅੱਜ ਸ਼ਾਮ ਪੰਜਾਬ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੇ ਫਲੈਗ ਮਾਰਗ ਕੀਤਾ। ਇਹ ਫਲੈਗ ਮਾਰਚ ਮੁਹਾਲੀ ਦੇ ਐੱਸਪੀ (ਐੱਚ) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕੱਢਿਆ ਗਿਆ, ਜਿਸ ਵਿੱਚ ਡੀਐੱਸਪੀ (ਸਿਟੀ-1) ਸੁਖਨਾਜ ਸਿੰਘ, ਡੀਐੱਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ, ਡੀਐੱਸਪੀ (ਡੀ) ਕੁਲਜਿੰਦਰ ਸਿੰਘ ਅਤੇ ਡੀਐੱਸਪੀ (ਸਪੈਸ਼ਲ ਬਰਾਂਚ) ਜਤਿੰਦਰਪਾਲ ਸਿੰਘ ਸ਼ਾਮਲ ਸਨ। ਇਹ ਫਲੈਗ ਮਾਰਚ ਇੱਥੋਂ ਦੇ ਫੇਜ਼-7 ਤੋਂ ਸ਼ੁਰੂ ਹੋ ਕੇ ਫੇਜ਼-3/ਫੇਜ਼-5 ਲਾਲ ਬੱਤੀ ਪੁਆਇੰਟ, ਵਾਈਪੀਐੱਸ ਚੌਕ, ਪੀਸੀਏ ਚੌਕ ਅਤੇ ਫੇਜ਼-11 ਤੱਕ ਕੱਢਿਆ ਗਿਆ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਸਿੱਖ ਕੌਮ ਵੱਲੋਂ ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਲੋਕਾਂ ਵਿੱਚ ਪੁਲੀਸ ਦਾ ਵਿਸ਼ਵਾਸ ਪੈਦਾ ਕਰਨ ਦੇ ਮੰਤਵ ਨਾਲ ਅੱਜ ਇਹ ਫਲੈਗ ਮਾਰਚ ਕੀਤਾ ਗਿਆ ਹੈ।
6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਰੂਪਨਗਰ ਦੀ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪੁਲੀਸ ਵੱਲੋਂ ਪੂਰੇ ਜ਼ਿਲ੍ਹੇ ਅੰਦਰ ਚੌਕਸੀ ਵਧਾ ਦਿੱਤੀ ਗਈ ਹੈ। ਪੁਲੀਸ ਵੱਲੋਂ ਜਿੱਥੇ ਫਲੈਗ ਮਾਰਚ ਕੱਢੇ ਜਾ ਰਹੇ ਹਨ, ਉੱਥੇ ਹੀ ਕੌਮੀ ਮਾਰਗ ’ਤੇ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸੇ ਦੌਰਾਨ ਘਨੌਲੀ ਬੈਰੀਅਰ ’ਤੇ ਡੀਐੱਸਪੀ (ਇਨਵੈਸਟੀਗੇਸ਼ਨ) ਜਰਨੈਲ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਰੂਪਨਗਰ ਦੇ ਐੱਸਐੱਚਓ ਵਿਜੈ ਕੁਮਾਰ ਅਤੇ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸਬ ਇੰਸਪੈਕਟਰ ਗੁਰਮੁੱਖ ਸਿੰਘ ਵੱਲੋਂ ਕੌਮੀ ਮਾਰਗ ’ਤੇ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ। ਥਾਣਾ ਸਦਰ ਰੂਪਨਗਰ ਤੇ ਪੁਲੀਸ ਚੌਕੀ ਘਨੌਲੀ ਦੀ ਸਾਂਝੀ ਟੀਮ ਵੱਲੋਂ ਅੱਜ ਬਾਅਦ ਦੁਪਹਿਰ ਕੌਮੀ ਮਾਰਗ ਤੋਂ ਲੈ ਕੇ ਵਾਇਆ ਗੁਰਦੁਆਰਾ ਸਾਹਿਬ ਅਤੇ ਮੇਨ ਬਾਜ਼ਾਰ ਤੋਂ ਹੁੰਦੇ ਹੋਏ ਭਾਖੜਾ ਨਹਿਰ ਦੀ ਪਟੜੀ ਤੱਕ ਫਲੈਗ ਮਾਰਗ ਵੀ ਕੀਤਾ ਗਿਆ। ਥਾਣਾ ਸਿੰਘ ਭਗਵੰਤਪੁਰ ਪੁਲੀਸ ਵੱਲੋਂ ਕੌਮੀ ਮਾਰਗ ਤੋਂ ਸ਼ੁਰੂ ਹੋ ਕੇ ਪਿੰਡ ਸਿੰਘ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਪੈਦਲ ਫਲੈਗ ਮਾਰਚ ਕੱਢਿਆ ਗਿਆ, ਜਿਸ ਉਪਰੰਤ ਚੈੜੀਆਂ ਰੋਡ ਤੋਂ ਗੱਡੀਆਂ ਤੇ ਸਵਾਰ ਹੋ ਕੇ ਵੱਖ ਵੱਖ ਪਿੰਡਾਂ ਵਿੱਚ ਫਲੈਗ ਮਾਰਗ ਕੱਢਿਆ ਗਿਆ। ਪੁਲਿਸ ਚੌਕੀ ਪੁਰਖਾਲੀ ਵੱਲੋਂ ਚੌਕੀ ਇੰਚਾਰਜ ਹਰਮੇਸ਼ ਕੁਮਾਰ ਦੀ ਅਗਵਾਈ ਵਿੱਚ ਅਨਾਜ ਮੰਡੀ ਤੋਂ ਲੈ ਕੇ ਬਿੰਦਰਖ ਰੋਡ ਤੱਕ ਫਲੈਗ ਮਾਰਚ ਕੱਢਿਆ ਗਿਆ।
ਮੁਹਾਲੀ ਜ਼ਿਲ੍ਹੇ ਵਿੱਚ ਧਾਰਾ 144 ਲਾਗੂ
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਨੇ ਫੌਜਦਾਰੀ ਸੰਘਤਾ 1973 (ਐਕਟ ਨੰਬਰ 2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ਵਿੱਚ ਰੋਸ ਵਿਖਾਵੇ, ਰੈਲੀਆਂ, ਮੀਟਿੰਗਾਂ ਕਰਨ, ਧਰਨੇ ਲਾਉਣ, ਨਾਅਰੇ ਲਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਕੀਤੇ ਜਾਣੇ ਹਨ। ਅਜਿਹੀ ਸਥਿਤੀ ਵਿੱਚ ਆਮ ਲੋਕਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ ਜਾਣੇ ਅਤਿ ਜ਼ਰੂਰੀ ਹੋ ਗਏ ਹਨ।