ਭਾਜਪਾ ਆਗੂਆਂ ਦੇ ਵਿਵਾਦਿਤ ਬੋਲਾਂ 'ਤੇ ਰੋਸ ਵਜੋਂ ਕਈ ਦੇਸ਼ਾਂ ਨੇ ਤਲਬ ਕੀਤੇ ਭਾਰਤੀ ਰਾਜਦੂਤ

ਭਾਜਪਾ ਆਗੂਆਂ ਦੇ ਵਿਵਾਦਿਤ ਬੋਲਾਂ 'ਤੇ ਰੋਸ ਵਜੋਂ ਕਈ ਦੇਸ਼ਾਂ ਨੇ ਤਲਬ ਕੀਤੇ ਭਾਰਤੀ ਰਾਜਦੂਤ
ਨਵੀਂ ਦਿੱਲੀ, 6 ਜੂਨ-ਭਾਜਪਾ ਦੇ ਦੋ ਆਗੂਆਂ ਜਿਨ੍ਹਾਂ 'ਤੇ ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਕਰਕੇ ਆਪਣੇ ਤੋਂ ਦੂਰੀ ਬਣਾ ਲਈ ਹੈ, ਵਲੋਂ ਹਜ਼ਰਤ ਮੁਹੰਮਦ 'ਤੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਉੱਠੇ ਵਿਵਾਦ 'ਤੇ ਨਾਰਾਜ਼ਗੀ ਪ੍ਰਗਟਾਉਣ ਵਾਲੇ ਦੇਸ਼ਾਂ ਦੀ ਸੂਚੀ ਲੰਮੀ ਹੋ ਗਈ ਹੈ। ਇਸ ਸੂਚੀ 'ਚ ਪਾਕਿਸਤਾਨ, ਅਫ਼ਗਾਨਿਸਤਾਨ, ਕਤਰ, ਕੁਵੈਤ, ਈਰਾਨ, ਓਮਾਨ, ਸਾਊਦੀ ਅਰਬ, ਇੰਡੋਨੇਸ਼ੀਆ, ਜੌਰਡਨ ਅਤੇ 57 ਇਸਲਾਮਿਕ ਦੇਸ਼ਾਂ ਦੇ ਸੰਗਠਨ ਓ.ਆਈ.ਸੀ. ਦਾ ਨਾਂਅ ਸ਼ਾਮਿਲ ਹੈ। ਵਿਰੋਧ ਦਾ ਸੇਕ ਝੱਲ ਰਹੀ ਸਰਕਾਰ ਵਲੋਂ ਦਿੱਤੇ ਅਧਿਕਾਰਤ ਬਿਆਨ 'ਚ ਭਾਵੇਂ ਦੋਵਾਂ ਆਗੂਆਂ ਨੂੰ ਬਦਅਮਨੀ ਫ਼ੈਲਾਉਣ ਵਾਲੇ ਅਨਸਰ ਕਹਿ ਕੇ ਉਨ੍ਹਾਂ ਦੇ ਬਿਆਨ ਤੋਂ ਕਿਨਾਰਾ ਕੀਤਾ ਗਿਆ ਹੈ ਪਰ ਇਨ੍ਹਾਂ ਮੁਲਕਾਂ ਵਲੋਂ ਭਾਰਤੀ ਰਾਜਦੂਤਾਂ ਨੂੰ ਤਲਬ ਕਰਕੇ ਰੋਸ ਪ੍ਰਗਟਾਇਆ ਗਿਆ, ਹਾਲਾਂਕਿ ਆਗੂਆਂ 'ਤੇ ਕੀਤੀ ਕਾਰਵਾਈ ਦੀ ਸ਼ਲਾਘਾ ਵੀ ਕੀਤੀ ਹੈ। ਭਾਰਤ ਸਰਕਾਰ ਵਲੋਂ ਜਾਰੀ ਅਧਿਕਾਰਤ ਬਿਆਨ 'ਚ ਇਨ੍ਹਾਂ ਆਗੂਆਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਬਿਆਨਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਇਸ ਨਾਲ ਇਤਫ਼ਾਕ ਨਹੀਂ ਰੱਖਦੀ। ਬਾਹਰਲੇ ਮੁਲਕਾਂ ਤੋਂ ਜਤਾਏ ਜਾ ਰਹੇ ਵਿਰੋਧ ਤੋਂ ਇਲਾਵਾ ਦੇਸ਼ 'ਚ ਵੀ ਦੋਵਾਂ ਆਗੂਆਂ ਦੇ ਬਿਆਨਾਂ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਇਸ ਨੂੰ ਦੇਸ਼ ਤੋੜਨ ਦੀਆਂ ਕੋਸ਼ਿਸ਼ਾਂ ਕਰਾਰ ਦਿੱਤਾ। ਵਿਰੋਧੀ ਧਿਰਾਂ ਨੇ ਭਾਜਪਾ ਵਲੋਂ ਦੋਹਾਂ ਆਗੂਆਂ ਖ਼ਿਲਾਫ਼ ਕੀਤੀ ਕਾਰਵਾਈ, ਜਿਸ 'ਚ ਨੂਪੁਰ ਸ਼ਰਮਾ ਨੂੰ 6 ਸਾਲਾਂ ਲਈ ਮੁਅੱਤਲ ਅਤੇ ਜਿੰਦਲ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਨੂੰ ਢੋਂਗ ਕਰਾਰ ਦਿੰਦਿਆਂ ਕਿਹਾ ਕਿ ਇਹ ਭਾਜਪਾ ਵਲੋਂ ਕੀਤੀ 'ਡੈਮੇਜ ਕੰਟਰੋਲ' ਕਾਰਵਾਈ ਹੈ।
ਕਤਰ, ਕੁਵੈਤ ਅਤੇ ਈਰਾਨ ਸਰਕਾਰ ਨੇ ਤਲਬ ਕੀਤੇ ਭਾਰਤੀ ਰਾਜਦੂਤ
ਬਿਆਨਾਂ 'ਤੇ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਤਰ, ਕੁਵੈਤ ਅਤੇ ਈਰਾਨ ਨੇ ਉੱਥੇ ਤਾਇਨਾਤ ਭਾਰਤੀ ਰਾਜਦੂਤਾਂ ਨੂੰ ਤਲਬ ਕਰਕੇ ਇਤਰਾਜ਼ ਪ੍ਰਗਟਾਇਆ। ਕਤਰ 'ਚ ਇਹ ਵਿਵਾਦ ਉਸ ਵੇਲੇ ਸਾਹਮਣੇ ਆਇਆ ਜਦੋਂ ਉਪ-ਰਾਸ਼ਟਰਪਤੀ ਐੱਮ.ਵੈਂਕੇਈਆ ਨਾਇਡੂ ਉੱਥੋਂ ਦੇ ਦੌਰੇ 'ਤੇ ਹਨ। ਉਪ-ਰਾਸ਼ਟਰਪਤੀ ਦੇ ਸਨਮਾਨ 'ਚ ਕਤਰ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਰਾਤ ਦੇ ਖਾਣੇ ਦੀ ਦਾਅਵਤ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਹ ਦਾਅਵਤ ਸਿਹਤ ਸਰੋਕਾਰਾਂ ਕਾਰਨ ਰੱਦ ਕੀਤੀ ਗਈ ਹੈ। ਬਿਆਨ ਮੁਤਾਬਿਕ ਕਤਰ ਦੇ ਉਪ ਰਾਸ਼ਟਰਪਤੀ ਅਮੀਰ, ਜਿਨ੍ਹਾਂ ਨੇ ਨਾਇਡੂ ਦੀ ਦਾਅਵਤ ਦੀ ਮੇਜ਼ਬਾਨੀ ਕਰਨੀ ਸੀ, ਨੂੰ ਕੋਵਿਡ ਦੇ ਲੱਛਣ ਨਜ਼ਰ ਆਉਣ ਕਾਰਨ ਇਹ ਦਾਅਵਤ ਰੱਦ ਕੀਤੀ ਗਈ ਹੈ। ਕਤਰ ਨੇ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੂੰ ਤਲਬ ਕਰਕੇ ਇਸ ਮਾਮਲੇ 'ਤੇ ਜਨਤਕ ਮੁਆਫ਼ੀ ਅਤੇ ਭਾਰਤ ਸਰਕਾਰ ਵਲੋਂ ਫੌਰੀ ਨਿਖੇਧੀ ਦੀ ਮੰਗ ਕੀਤੀ ਹੈ। ਕਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਜਿਹੀਆਂ ਇਸਲਾਮ ਵਿਰੋਧੀ ਟਿੱਪਣੀਆਂ ਜੇਕਰ ਬਿਨਾਂ ਸਜ਼ਾ ਤੋਂ ਜਾਰੀ ਰਹਿਣ ਦਿੱਤੀਆਂ ਗਈਆਂ ਤਾਂ ਮਨੁੱਖੀ ਹੱਕਾਂ ਦੀ ਰਾਖੀ ਨੂੰ ਵੱਡੀ ਢਾਹ ਲੱਗੇਗੀ। ਦੀਪਕ ਮਿੱਤਲ ਨੇ ਕਤਰ ਸਰਕਾਰ ਨੂੰ ਦਿੱਤੇ ਜਵਾਬ 'ਚ ਕਿਹਾ ਕਿ ਇਹ ਵਿਚਾਰ ਕਿਸੇ ਵੀ ਪੱਖੋਂ ਭਾਰਤ ਸਰਕਾਰ ਦੇ ਵਿਚਾਰਾਂ ਦੀ ਤਸਦੀਕ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹ ਬਦਅਮਨੀ ਫ਼ੈਲਾਉਣ ਵਾਲੇ ਅਨਸਰਾਂ ਦੀ ਰਾਇ ਹੈ। ਕੁਵੈਤ 'ਚ ਵੀ ਭਾਰਤੀ ਰਾਜਦੂਤ ਨੂੰ ਤਲਬ ਕਰਕੇ ਅਜਿਹੇ ਸਰੋਕਾਰ ਪ੍ਰਗਟਾਏ ਗਏ ਹਨ। ਭਾਰਤੀ ਰਾਜਦੂਤ ਨੇ ਬਦਅਮਨੀ ਫ਼ੈਲਾਉਣ ਵਾਲੇ ਅਨਸਰਾਂ ਦੇ ਬਿਆਨਾਂ ਤੋਂ ਸਰਕਾਰ ਨੂੰ ਵੱਖ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਖ਼ਿਲਾਫ਼ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ। ਈਰਾਨ 'ਚ ਵੀ ਭਾਰਤੀ ਰਾਜਦੂਤ ਨੇ ਕੇਂਦਰ ਦਾ ਪੱਖ ਰੱਖਦਿਆਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਕਰਨ ਵਾਲਿਆਂ ਦਾ ਸਰਕਾਰ ਨਾਲ ਕੋਈ ਵਾਸਤਾ ਨਹੀਂ ਹੈ। ਹਾਲਾਂਕਿ ਈਰਾਨ ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਬਦੁੱਲਾਹਿਆ ਅਗਲੇ ਹਫ਼ਤੇ ਪਹਿਲੀ ਵਾਰ ਨਵੀਂ ਦਿੱਲੀ ਆ ਰਹੇ ਹਨ।