ਮੂਸੇਵਾਲਾ ਕਤਲ ਕੇਸ ਵਿੱਚ ਦੋ ਹੋਰ ਗਿ੍ਰਫ਼ਤਾਰ

ਮੂਸੇਵਾਲਾ ਕਤਲ ਕੇਸ ਵਿੱਚ ਦੋ ਹੋਰ ਗਿ੍ਰਫ਼ਤਾਰ
ਮਾਨਸਾ-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਮਾਮਲੇ ਵਿੱਚ ਪੁਲੀਸ ਨੇ ਦੋ ਮੁੱਖ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਦੀ ਪਛਾਣ ਕੇਸ਼ਵ ਅਤੇ ਚੇਤਨ ਵਜੋਂ ਹੋਈ ਹੈ। ਪੁਲੀਸ ਇਨ੍ਹਾਂ ਦੇ ਪਿੱਛੇ ਉਸ ਸਮੇਂ ਤੋਂ ਲੱਗੀ ਹੋਈ ਸੀ, ਜਿਸ ਦਿਨ ਤੋਂ ਸੰਦੀਪ ਕੁਮਾਰ ਉਰਫ਼ ਕੇਕੜਾ ਨੂੰ ਕਾਲਿਆਂਵਾਲੀ (ਹਰਿਆਣਾ) ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਸ ਕੇਸ ਨਾਲ ਸਬੰਧਤ ਮੁਲਜ਼ਮ ਪ੍ਰਦੀਪ ਪੱਬੀ ਨੂੰ ਮਾਨਸਾ ਪੁਲੀਸ ਵੱਲੋਂ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 11 ਜੂਨ ਤਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਦੋਹਾਂ ਨੂੰ ਪੁਲੀਸ ਨੇ ਬਠਿੰਡਾ ਤੋਂ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਛਾਪੇ ਦੌਰਾਨ ਕੇਸ਼ਵ ਘਰ ਨਹੀਂ ਮਿਲਦਾ ਸੀ ਅਤੇ ਉਸ ਦੀ ਮਾਤਾ ਅਤੇ ਭੈਣ ਨੇ ਛਾਪਾ ਮਾਰਨ ਆਈ ਪੁਲੀਸ ਕੋਲ ਮੰਨਿਆ ਸੀ ਕਿ ਕੇਸ਼ਵ 24 ਮਈ ਤੋਂ ਘਰ ਨਹੀਂ ਆਇਆ ਅਤੇ ਅੱਜਕੱਲ੍ਹ ਉਸ ਦਾ ਘਰਦਿਆਂ ਨਾਲ ਕੋਈ ਵੀ ਰਿਸ਼ਤਾ ਅਤੇ ਰਾਬਤਾ ਨਹੀਂ ਹੈ।
ਇਸੇ ਦੌਰਾਨ ਮਾਨਸਾ ਪੁਲੀਸ ਦੇ ਕਿਸੇ ਉਚ ਅਧਿਕਾਰੀ ਨੇ ਇਨ੍ਹਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਨਹੀਂ ਸਵੀਕਾਰੀ ਹੈ। ਪੁਲੀਸ ਵੱਲੋਂ ਕੇਸ਼ਵ ਉੱਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਅਤੇ ਹਮਲੇ ਵਿੱਚ ਵਰਤੀ ਗਈ ਕਰੋਲਾ ਗੱਡੀ ਦੇਣ ਦੇ ਦੋਸ਼ ਲਗਾਏ ਗਏ ਹਨ। ਕਾਤਲਾਂ ਨੂੰ ਹਥਿਆਰ ਅੰਮ੍ਰਿਤਸਰ ਦੇ ਕਿਸੇ ਪਿੰਡ ਤੋਂ ਲਿਆ ਕੇ ਦਿੱਤੇ ਦੱਸੇ ਜਾਂਦੇ ਹਨ। ਇਨ੍ਹਾਂ ਹਥਿਆਰਾਂ ਕਾਰਨ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਪੁਲੀਸ ਦੇ ਰਾਡਾਰ ’ਤੇ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਵਾਲੇ ਦਿਨ 29 ਮਈ ਨੂੰ ਸੰਦੀਪ ਕੇਕੜਾ ਦੇ ਨਾਲ ਹੀ ਕੇਸ਼ਵ ਨੂੰ ਵੀ ਸੀਸੀਟੀਵੀ ਕੈਮਰਿਆਂ ਰਾਹੀਂ ਵੇਖਿਆ ਗਿਆ ਸੀ ਅਤੇ ਕੇਕੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਕੇਸ਼ਵ ਦਾ ਨਾਂ ਸਾਹਮਣੇ ਆਇਆ ਹੈ ਅਤੇ ਇਸ ਦੇ ਨਾਲ ਹੀ ਹੁਣ ਚੇਤਨ ਦਾ ਨਾਂ ਜੁੜ ਗਿਆ ਹੈ। ਪੁਲੀਸ ਨੂੰ ਸੀਸੀਟੀਵੀ ਕੈਮਰਿਆਂ ਰਾਹੀਂ ਇਹ ਵੀ ਪਤਾ ਲੱਗਿਆ ਹੈ ਕਿ ਚੇਤਨ ਸ਼ਰਾਪ ਸ਼ੂਟਰਾਂ ਨਾਲ ਕਰੋਲਾ ਕਾਰ ਵਿੱਚ ਹੀ ਘਟਨਾ ਸਥਾਨ ਨੇੜੇ ਬੈਠਾ ਵੇਖਿਆ ਗਿਆ ਸੀ।
ਸਿੱਟ ਵੱਲੋਂ ਰੋਜ਼ਾਨਾ ਕੀਤੀ ਜਾਵੇਗੀ ਮੀਟਿੰਗ
ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਬਣਾਈ ਗਈ ਸਿੱਟ ਦੀ ਹੁਣ ਤੱਕ ਫੜੇ ਗਏ ਮੁਲਜ਼ਮਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਬਠਿੰਡਾ ਵਿੱਚ ਮੀਟਿੰਗ ਹੋਈ ਅਤੇ ਪੁਲੀਸ ਦੀਆਂ ਅਹਿਮ ਪ੍ਰਾਪਤੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਹਰ ਰੋਜ਼ ਇਸ ਸਿੱਟ ਦੀ ਮੀਟਿੰਗ ਓਨਾ ਚਿਰ ਲਗਾਤਾਰ ਹੋਵੇਗੀ, ਜਿੰਨਾ ਚਿਰ ਤੱਕ ਪੁਲੀਸ ਸਿੱਧੂ ਮੂਸੇਵਾਲਾ ਦੇ ਸਾਰੇ ਕਾਤਲਾਂ ਨੂੰ ਫੜ ਨਹੀਂ ਲੈਂਦੀ ਅਤੇ ਕਿਸੇ ਅਹਿਮ ਸਿੱਟੇ ਤੱਕ ਨਹੀਂ ਪਹੁੰਚ ਜਾਂਦੀ।
ਬਿਸ਼ਨੋਈ ਗਰੋਹ ਦੇ ਮੈਂਬਰਾਂ ਨੇ ਸਲਮਾਨ ਨੂੰ ਧਮਕੀ ਵਾਲਾ ਪੱਤਰ ਪਹੁੰਚਾਇਆ
ਮੁੰਬਈ:ਮੁੰਬਈ ਪੁਲੀਸ ਨੇ ਅੱਜ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਤਿੰਨ ਮੈਂਬਰਾਂ ਨੇ ਇਥੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਉਸ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਪਹੁੰਚਾਇਆ ਸੀ। ਪੁਲੀਸ ਅਨੁਸਾਰ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਮਹਾਕਾਲ ਉਰਫ ਸਿਦੇਸ਼ ਕਾਂਬਲੇ ਨੂੰ ਪੁਣੇ ਪੁਲੀਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੇ ਪੁੱਛ-ਪੜਤਾਲ ਦੌਰਾਨ ਖਾਨ ਪਿਓ-ਪੁੱਤਰ ਨੂੰ ਦਿੱਤੇ ਗੲੇ ਧਮਕੀ ਵਾਲੇ ਪੱਤਰ ਬਾਰੇ ਅਹਿਮ ਖੁਲਾਸੇ ਕੀਤੇ। ਮੁੰਬਈ ਪੁਲੀਸ ਦੀ ਕਰਾਈਮ ਬਰਾਂਚ ਨੇ ਪੁਣੇ ਵਿੱਚ ਅੱਜ ਮਹਾਕਾਲ ਤੋਂ ਪੁੱਛ-ਪੜਤਾਲ ਕੀਤੀ ਸੀ। ਇਸੇ ਦੌਰਾਨ ਦਿੱਲੀ ਪੁਲੀਸ ਨੇ ਵੀ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਬਾਰੇ ਮਹਾਕਾਲ ਤੋਂ ਪੁੱਛ-ਪੜਤਾਲ ਕੀਤੀ। ਮਹਾਕਾਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਤਿੰਨ ਮੈਂਬਰ ਰਾਜਸਥਾਨ ਦੇ ਜਲੌਰ ਤੋਂ ਮੁੰਬਈ ਪਹੁੰਚੇ ਸਨ ਅਤੇ ਧਮਕੀ ਵਾਲਾ ਪੱਤਰ ਬਾਂਦਰਾ ਬੈਂਡਸਟੈਂਡ ਇਲਾਕੇ ਦੇ ਬੈਂਚ ਉੱਤੇ ਰੱਖ ਦਿੱਤਾ ਸੀ।