ਨੂਪੁਰ ਸ਼ਰਮਾ ਖ਼ਿਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ-ਗਿ੍ਫ਼ਤਾਰੀ ਦੀ ਮੰਗ

ਨੂਪੁਰ ਸ਼ਰਮਾ ਖ਼ਿਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ-ਗਿ੍ਫ਼ਤਾਰੀ ਦੀ ਮੰਗ
ਰਾਂਚੀ -ਪੈਗ਼ੰਬਰ ਮੁਹੰਮਦ ਖ਼ਿਲਾਫ਼ ਵਿਵਾਦਿਤ ਟਿੱਪਣੀ ਸੰਬੰਧੀ ਭਾਜਪਾ 'ਚੋਂ ਮੁਅੱਤਲ ਨੇਤਾ ਨੂਪੁਰ ਸ਼ਰਮਾ ਖ਼ਿਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ ਹੋਏ | ਦਿੱਲੀ, ਉੱਤਰ ਪ੍ਰਦੇਸ਼, ਕਰਨਾਟਕ, ਜੰਮੂ-ਕਸ਼ਮੀਰ, ਪੰਜਾਬ, ਮਹਾਰਾਸ਼ਟਰ, ਝਾਰਖੰਡ ਅਤੇ ਕਰਨਾਟਕ ਦੇ ਕਈ ਸ਼ਹਿਰਾਂ 'ਚ ਸ਼ੁੱਕਰਵਾਰ ਨੂੰ ਨਮਾਜ਼ ਦੇ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਸੜਕਾਂ 'ਤੇ ਉਤਰ ਆਏ ਅਤੇ ਉਨ੍ਹਾਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਵਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਪਥਰਾਅ ਅਤੇ ਭੰਨਤੋੜ ਦੀਆਂ ਘਟਨਾਵਾਂ ਵੀ ਵਾਪਰੀਆਂ | ਪ੍ਰਯਾਗਰਾਜ 'ਚ ਪ੍ਰਦਰਸ਼ਨਕਾਰੀਆਂ ਨੇ ਪੀ.ਏ.ਸੀ. ਦਾ ਇਕ ਟਰੱਕ ਸਾੜ ਦਿੱਤਾ | ਝਾਰਖੰਡ 'ਚ ਕੁਝ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ ਅਤੇ ਸਥਿਤੀ ਤਣਾਅਪੂਰਨ ਹੋਣ ਕਾਰਨ ਜੰਮੂ-ਕਸ਼ਮੀਰ ਦੇ ਡੋਡਾ ਤੇ ਕਿਸ਼ਤਵਾੜ 'ਚ ਕਰਫ਼ਿਊ ਲਗਾ ਦਿੱਤਾ ਗਿਆ ਤੇ ਸ੍ਰੀਨਗਰ 'ਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ |
ਜਾਮਾ ਮਸਜਿਦ ਦੇ ਬਾਹਰ ਪ੍ਰਦਰਸ਼ਨ
ਨੂਪੁਰ ਸ਼ਰਮਾ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ 'ਚ ਜਾਮਾ ਮਸਜਿਦ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ | ਨਮਾਜ਼ ਦੇ ਬਾਅਦ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਪ੍ਰਦਰਸ਼ਨ ਦੌਰਾਨ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਮਾ ਮਸਜਿਦ ਦੇ ਗੇਟ ਨੰਬਰ 1 ਨੇੜੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਹੋਇਆ | ਕੁਝ ਲੋਕ ਥੋੜੇ੍ਹ ਸਮੇਂ ਬਾਅਦ ਉਥੋਂ ਚਲੇ ਗਏ ਅਤੇ ਕੁਝ ਲੋਕ ਪ੍ਰਦਰਸ਼ਨ 'ਤੇ ਡਟੇ ਰਹੇ | ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਕਰੀਬ 15 ਤੋਂ 20 ਮਿੰਟ ਤੱਕ ਚੱਲਿਆ | ਇਸੇ ਦੌਰਾਨ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਦੱਸਿਆ ਕਿ ਸਾਡੇ ਵਲੋਂ ਪ੍ਰਦਰਸ਼ਨ ਦਾ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ | ਨਮਾਜ਼ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਅਚਾਨਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ |
ਉੱਤਰ ਪ੍ਰਦੇਸ਼ 'ਚ ਪਥਰਾਅ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ, ਸਹਾਰਨਪੁਰ, ਬਾਰਾਬੰਕੀ, ਮੁਰਾਦਾਬਾਦ, ਓਨਾਵ, ਰਾਮਪੁਰ ਅਤੇ ਲਖਨਊ ਸਮੇਤ ਕਈ ਸ਼ਹਿਰਾਂ 'ਚ ਨਮਾਜ਼ ਦੇ ਬਾਅਦ ਪ੍ਰਦਰਸ਼ਨ ਹੋਏ | ਸਹਾਰਨਪੁਰ 'ਚ ਭੰਨਤੋੜ ਅਤੇ ਪ੍ਰਯਾਗਰਾਜ 'ਚ ਪਥਰਾਅ ਵੀ ਹੋਇਆ | ਸਹਾਰਨਪੁਰ 'ਚ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਭੰਨ ਤੋੜ ਵੀ ਕੀਤੀ | ਕਈ ਥਾਵਾਂ 'ਤੇ ਹਾਲਾਤ ਕਾਬੂ 'ਚ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟਣੇ ਪਏ | ਪਥਰਾਅ 'ਚ ਕੁਝ ਪੁਲਿਸ ਮੁਲਾਜ਼ਮ ਤੇ ਮੀਡੀਆ ਕਰਮੀਂ ਵੀ ਜ਼ਖ਼ਮੀ ਹੋ ਗਏ | ਮੁਰਾਦਾਬਾਦ ਤੇ ਲਖਨਊ 'ਚ ਵੀ ਪ੍ਰਦਰਸ਼ਨ ਦੀ ਖ਼ਬਰ ਹੈ |
ਸ੍ਰੀਨਗਰ 'ਚ ਪ੍ਰਦਰਸ਼ਨ
ਸ੍ਰੀਨਗਰ 'ਚ ਅੱਜ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਗਏ | ਸਥਾਨਕ ਲਾਲ ਚੌਕ, ਬਟਮਾਲੂ, ਤੇਂਗਪੋਰਾ ਅਤੇ ਹੋਰਨਾਂ ਥਾਵਾਂ 'ਤੇ ਨਮਾਜ਼ ਦੇ ਬਾਅਦ ਵਿਰੋਧ ਪ੍ਰਦਰਸ਼ਨ ਕੀਤੇ ਗਏ | ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨ ਸ਼ਾਂਤੀਪੂਰਨ ਰਹੇ ਅਤੇ ਕਿਸੇ ਵੀ ਅਣਸੁਖਾਂਵੀ ਘਟਨਾ ਦੀ ਕੋਈ ਖ਼ਬਰ ਨਹੀਂ ਹੈ | ਸ੍ਰੀਨਗਰ 'ਚ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਵਲੋਂ ਇਹਤਿਆਤ ਵਜੋਂ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ |
ਡੋਡਾ ਤੇ ਕਿਸ਼ਤਵਾੜ 'ਚ ਕਰਫ਼ਿਊ
ਜੰਮੂ ਦੇ ਭੱਦਰਵਾਹ ਤੇ ਕਿਸ਼ਤਵਾੜ ਦੇ ਕੁਝ ਇਲਾਕਿਆਂ 'ਚ ਤਣਾਅ ਪੈਦਾ ਹੋ ਜਾਣ ਦੇ ਬਾਅਦ ਪ੍ਰਸ਼ਾਸਨ ਨੇ ਉਥੇ ਕਰਫ਼ਿਊ ਲਗਾ ਦਿੱਤਾ ਅਤੇ ਸ੍ਰੀਨਗਰ ਸਮੇਤ ਕਿਸ਼ਤਵਾੜ ਤੇ ਭੱਦਰਵਾਹ 'ਚ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੱਦਰਵਾਹ ਕਸਬੇ 'ਚ ਪਥਰਾਅ ਦੀਆਂ ਇਕ ਦੋ ਘਟਨਾਵਾਂ ਵਾਪਰੀਆਂ ਹਨ | ਕੁਝ ਲੋਕਾਂ ਨੇ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਸੜਕਾਂ 'ਤੇ ਆ ਕੇ ਨਾਅਰੇਬਾਜ਼ੀ ਕਰਦੇ ਹੋਏ ਸੁਰੱਖਿਆ ਬਲਾਂ 'ਤੇ ਪਥਰਾਅ ਵੀ ਕੀਤਾ | ਉਨ੍ਹਾਂ ਦੱਸਿਆ ਕਿ ਹੁਣ ਸਥਿਤੀ ਕਾਬੂ ਹੇਠ ਹੈ ਅਤੇ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ |
ਮਹਾਰਾਸ਼ਟਰ 'ਚ ਪ੍ਰਦਰਸ਼ਨ
ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ 'ਚ ਕਈ ਸ਼ਹਿਰਾਂ 'ਚ ਪ੍ਰਦਰਸ਼ਨ ਕੀਤੇ ਗਏ | ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਾਂ ਦੌਰਾਨ ਕਿਸੇ ਵੀ ਸਥਾਨ ਤੋਂ ਅਣਸੁਖਾਵੀ ਘਟਨਾ ਦੀ ਕੋਈ ਸੂਚਨਾ ਨਹੀਂ ਹੈ | ਵੱਖ-ਵੱਖ ਸੰਗਠਨਾਂ ਵਲੋਂ ਨਮਾਜ਼ ਦੇ ਬਾਅਦ ਦੁਪਹਿਰ 3 ਵਜੇ ਪ੍ਰਦਰਸ਼ਨ ਕੀਤੇ ਗਏ |
ਤੇਲੰਗਾਨਾ 'ਚ ਮੱਕਾ ਮਸਜਿਦ ਦੇ ਬਾਹਰ ਪ੍ਰਦਰਸ਼ਨ
ਤੇਲੰਗਾਨਾ 'ਚ ਵੀ ਨਮਾਜ਼ ਦੇ ਬਾਅਦ ਪ੍ਰਦਰਸ਼ਨ ਹੋਏ | ਰਾਜਧਾਨੀ ਹੈਦਰਾਬਾਦ 'ਚ ਮੱਕਾ ਮਸਜਿਦ ਦੇ ਬਾਹਰ ਨੂਪੁਰ ਸ਼ਰਮਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ | ਹਾਲਾਤ ਨੂੰ ਦੇਖਦੇ ਹੋਏ ਇਲਾਕੇ 'ਚ ਪੁਲਿਸ ਤੇ ਸੀ. ਆਰ. ਪੀ. ਐਫ. ਨੂੰ ਤਾਇਨਾਤ ਕਰ ਦਿੱਤਾ ਗਿਆ |
ਰਾਂਚੀ 'ਚ ਪੁਲਿਸ 'ਤੇ ਪਥਰਾਅ
ਝਾਰਖੰਡ ਦੇ ਰਾਂਚੀ 'ਚ ਨਮਾਜ਼ ਦੇ ਬਾਅਦ ਪ੍ਰਦਰਸ਼ਨਕਾਰੀਆਂ ਨੇ ਮੁੱਖ ਸੜਕ 'ਤੇ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਹੰਗਾਮਾ ਤੇ ਪੱਥਰਬਾਜੀ ਵੀ ਹੋਈ | ਸਥਿਤੀ ਨੂੰ ਕਾਬੂ 'ਚ ਕਰਨ ਸਮੇਂ ਕੁਝ ਪੁਲਿਸ ਮੁਲਾਜ਼ਮ ਜ਼ਖ਼ਮੀ ਵੀ ਹੋਏ | ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਵੀ ਕੀਤਾ ਅਤੇ ਹਵਾ 'ਚ ਗੋਲੀਆਂ ਵੀ ਚਲਾਉਣੀਆਂ ਪਈਆਂ |
ਬੇਲਗਵੀ 'ਚ ਨੂਪੁਰ ਸ਼ਰਮਾ ਦਾ ਪੁਤਲਾ ਲਟਕਾਇਆ
ਕਰਨਾਟਕ ਦੇ ਬੇਲਗਵੀ 'ਚ ਫੋਰਟ ਰੋਡ 'ਤੇ ਇਕ ਮਸਜਿਦ ਦੇ ਨੇੜੇ ਬਿਜਲੀ ਦੀ ਤਾਰ ਨਾਲ ਨੂਪੁਰ ਸ਼ਰਮਾ ਦਾ ਪੁਤਲਾ ਲਟਕਾ ਦਿੱਤਾ ਗਿਆ | ਪੁਲਿਸ ਨੇ ਦੱਸਿਆ ਕਿ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਨੇ ਨਗਰ ਨਿਗਮ ਦੇ ਨਾਲ ਮਿਲ ਕੇ ਪੁਤਲੇ ਨੂੰ ਤੁਰੰਤ ਹਟਾ ਦਿੱਤਾ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਈਚਾਰਿਆਂ ਦਰਮਿਆਨ ਨਫ਼ਰਤ ਫੈਲਾਉਣ ਤੇ ਸਮਾਜ 'ਚ ਸ਼ਾਂਤੀ ਭੰਗ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਹੈ |
ਗੁਜਰਾਤ 'ਚ ਪ੍ਰਦਰਸ਼ਨ
ਗੁਜਰਾਤ ਦੇ ਅਹਿਮਦਾਬਾਦ ਤੇ ਵਦੋਦਰਾ 'ਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ | ਮੁਸਲਿਮ ਬਹੁਗਿਣਤੀ ਵਾਲੇ ਦਰੀਆਪੁਰ ਤੇ ਕਾਰੰਜ ਖੇਤਰਾਂ 'ਚ ਦੁਕਾਨਾਂ ਤੇ ਬਾਜ਼ਾਰ ਬੰਦ ਰਹੇ | ਪ੍ਰਦਰਸ਼ਨਕਾਰੀ ਨੂਪੁਰ ਸ਼ਰਮਾ ਦੀ ਤੁਰੰਤ ਗਿ੍ਫ਼ਤਾਰੀ ਦੀ ਮੰਗ ਕਰ ਰਹੇ ਸਨ |
ਕੋਲਕਾਤਾ 'ਚ ਪੁਲਿਸ ਦੀ ਗੱਡੀ 'ਤੇ ਪਥਰਾਅ
ਕੋਲਕਾਤਾ-ਹਾਵੜਾ ਜ਼ਿਲ੍ਹੇ ਦੇ ਡੋਮਜੂੜ ਸਮੇਤ ਵੱਖ-ਵੱਖ ਥਾਵਾਂ 'ਤੇ ਸੜਕ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਪਥਰਾਅ ਵੀ ਕੀਤਾ ਅਤੇ ਪੁਲਿਸ ਦੀ ਗੱਡੀ ਦੀ ਭੰਨਤੋੜ ਵੀ ਕੀਤੀ | ਅਧਿਕਾਰੀਆਂ ਨੇ ਦੱਸਿਆ ਕਿ ਇੰਟਰਨੈੱਟ ਸੋਮਵਾਰ ਸਵੇਰ 6 ਵਜੇ ਤੱਕ ਬੰਦ ਕੀਤਾ ਗਿਆ ਹੈ, ਜਦੋਂਕਿ ਮੋਬਾਈਲ ਦੇ ਕਾਲ ਤੇ ਐਸ. ਐਮ. ਐਸ. ਦੀਆਂ ਸੇਵਾਵਾਂ ਜਾਰੀ ਰਹਿਣਗੀਆਂ |
ਗੁਹਾਟੀ 'ਚ ਦਰਜ ਕਰਵਾਈ ਸ਼ਿਕਾਇਤ
ਗੁਹਾਟੀ-ਇਸ ਦੌਰਾਨ ਕਾਂਗਰਸ ਨੇ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਖ਼ਿਲਾਫ਼ ਗੁਹਾਟੀ ਵਿਚ ਵੀ ਵਿਵਾਦਿਤ ਬਿਆਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਨੇ ਦੱਸਿਆ ਕਿ ਸਾਨੂੰ ਉਕਤ ਦੋਵਾਂ ਨੇਤਾਵਾਂ ਖ਼ਿਲਾਫ਼ ਵਿਵਾਦਿਤ ਬਿਆਨ ਸਬੰਧੀ ਸ਼ਿਕਾਇਤ ਮਿਲੀ ਹੈ ਪਰ ਅਜੇ ਤੱਕ ਇਸ ਸਬੰਧੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ |