ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀਆਂ ਸਬੰਧੀ ਵਿਵਾਦ ’ਚ ਚੀਨ ਕੁੱਦਿਆ

ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀਆਂ ਸਬੰਧੀ ਵਿਵਾਦ ’ਚ ਚੀਨ ਕੁੱਦਿਆ
ਪੇਈਚਿੰਗ-ਪੈਗੰਬਰ ਮੁਹੰਮਦ ਬਾਰੇ ਭਾਜਪਾ ਦੇ ਦੋ ਸਾਬਕਾ ਆਗੂਆਂ ਵੱਲੋਂ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਸਬੰਧੀ ਚੱਲ ਰਹੇ ਵਿਵਾਦ ’ਚ ਹੁਣ ਚੀਨ ਵੀ ਕੁੱਦ ਪਿਆ ਹੈ ਤੇ ਉਸ ਨੇ ਆਸ ਪ੍ਰਗਟਾਈ ਹੈ ਕਿ ਇਸ ਮਸਲੇ ਦਾ ਸਹੀ ਢੰਗ ਨਾਲ ਨਿਬੇੜਾ ਕੀਤਾ ਜਾ ਸਕਦਾ ਹੈ।
ਚੀਨ ਨੇ ਕਿਹਾ, ‘‘ਉਸ ਦਾ ਮੰਨਣਾ ਹੈ ਕਿ ਵੱਖ-ਵੱਖ ਸਭਿਆਚਾਰਾਂ, ਵੱਖ-ਵੱਖ ਧਰਮਾਂ ਨੂੰ ਇਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਬਰਾਬਰੀ ਦੇ ਪੱਧਰ ’ਤੇ ਸਹਿ-ਹੋਂਦ ਵਿੱਚ ਰਹਿਣਾ ਚਾਹੀਦਾ ਹੈ।’’ ਭਾਜਪਾ ਦੇ ਸਾਬਕਾ ਆਗੂਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਸਰਕਾਰੀ ਚੀਨੀ ਮੀਡੀਆ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੈਨਬਿਨ ਨੇ ਕਿਹਾ, ‘‘ਅਸੀਂ ਸਬੰਧਤ ਖ਼ਬਰਾਂ ’ਤੇ ਗੌਰ ਕੀਤੀ ਹੈ। ਸਾਨੂੰ ਆਸ ਹੈ ਕਿ ਇਸ ਸਥਿਤੀ ਤੋਂ ਸਹੀ ਢੰਗ ਨਾਲ ਨਿਪਟਿਆ ਜਾਵੇਗਾ। ਹੰਕਾਰ ਤੇ ਪੱਖਪਾਤ ਨੂੰ ਤਿਆਗਣਾ ਅਹਿਮ ਹੈ ਅਤੇ ਸਾਰਿਆਂ ਨੂੰ ਇਕ-ਦੂਜੇ ਦੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ।’’ ਵਾਂਗ ਦੀਆਂ ਟਿੱਪਣੀਆਂ ਚੀਨੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ’ਤੇ ਪੋਸਟ ਕੀਤੀਆਂ ਗਈਆਂ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਦੀ ਇਹ ਟਿੱਪਣੀ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਚੀਨ ਦੌਰੇ ਤੋਂ ਇਕ ਦਿਨ ਬਾਅਦ ਆਈ ਹੈ।