ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਵਿਆਹ ਬੰਧਨ ’ਚ ਬੱਝੇ

ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਵਿਆਹ ਬੰਧਨ ’ਚ ਬੱਝੇ
ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਅੱਜ ਵਿਆਹ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦੇ ਆਨੰਦ ਕਾਰਜ ਇਥੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਰੱਖੇ ਸਾਦਾ ਸਮਾਗਮ ਦੌਰਾਨ ਹੋਏ। ਵਿਆਹ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਪਿਤਾ ਜਦਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਛੋਟੇ ਭਰਾ ਵਜੋਂ ਰਸਮਾਂ ਨਿਭਾਈਆਂ। ਇਸ ਤੋਂ ਇਲਾਵਾ ਦਿੱਲੀ ਤੋਂ ‘ਆਪ’ ਦੇ ਸੀਨੀਅਰ ਆਗੂ ਸੰਜੈ ਸਿੰਘ ਸਣੇ ਸੀਮਤ ਗਿਣਤੀ ਵਿੱਚ ਮਹਿਮਾਨਾਂ ਨੇ ਵਿਆਹ ਸਮਾਗਮ ਵਿੱਚ ਹਿੱਸਾ ਲਿਆ।
ਸ੍ਰੀ ਮਾਨ ਨੇ ਆਪਣਾ ਦੂਜਾ ਵਿਆਹ ਮੁੱਖ ਮੰਤਰੀ ਰਿਹਾਇਸ਼ ’ਤੇ ਬਹੁਤ ਹੀ ਸਾਦੇ ਢੰਗ ਤੇ ਸਿੱਖ ਰੀਤੀ ਰਿਵਾਜਾਂ ਨਾਲ ਕੀਤਾ। ਰਾਘਵ ਚੱਢਾ ਵਿਆਹ ਸਮਾਗਮ ਦੀਆਂ ਤਿਆਰੀਆਂ ਲਈ ਅਗਾਊਂ ਸੀਐੱਮ ਨਿਵਾਸ ਪੁੱਜ ਗਏ ਸਨ। ਵਿਆਹ ਲਈ ਭਗਵੰਤ ਮਾਨ ਨੇ ਸਿਰ ’ਤੇ ਪੀਲੇ ਰੰਗ ਦੀ ਦਸਤਾਰ ਸਜਾਈ ਤੇ ਸਿਲਕ ਦਾ ਕੁੜਤਾ ਪਜ਼ਾਮਾ ਤੇ ਜੈਕਟ ਪਾਈ ਹੋਈ ਸੀ। ਡਾ. ਗੁਰਪ੍ਰੀਤ ਕੌਰ ਨੇ ਲਾਲ ਰੰਗ ਦਾ ਲਹਿੰਗਾ ਪਾਇਆ। ਪਹਿਲਾਂ ਆਨੰਦ ਕਾਰਜ ਦੀ ਰਸਮ ਸੈਕਟਰ 8 ਸਥਿਤ ਗੁਰਦੁਆਰੇ ਵਿੱਚ ਰੱਖੀ ਗਈ ਸੀ, ਪਰ ਆਖਰੀ ਸਮੇਂ ’ਤੇ ਸ੍ਰੀ ਪਾਲਕੀ ਸਾਹਿਬ ਦੀ ਬੀੜ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਲਿਆਂਦੀ ਗਈ। ਬੁੱਢਾ ਦਲ ਦੇ ਮੁਖੀ 96 ਕਰੋੜੀ ਬਾਬਾ ਬਲਵੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮੁੱਖ ਮੰਤਰੀ ਦੇ ਆਨੰਦ ਕਾਰਜ ਕਰਵਾਏ। ਮੁੱਖ ਮੰਤਰੀ ਨੇ ਸੀਮਤ ਮਹਿਮਾਨਾਂ ਦੀ ਹਾਜ਼ਰੀ ਵਿੱਚ ਵਿਆਹ ਕਰਵਾਇਆ। ਸਮਾਗਮ ਵਿੱਚ ਭਗਵੰਤ ਮਾਨ ਦੀ ਮਾਤਾ ਤੇ ਭੈਣ ਦੇ ਪਰਿਵਾਰ ਤੋਂ ਇਲਾਵਾ ਹੋਰ ਕੋਈ ਦੋਸਤ-ਮਿੱਤਰ ਦਿਖਾਈ ਨਹੀਂ ਦਿੱਤਾ।