ਅਮਰੀਕੀ ਸਦਨ ’ਚ ਭਾਰਤ ਤੋਂ ਪਾਬੰਦੀਆਂ ਹਟਾਉਣ ਬਾਰੇ ਮਤਾ ਪਾਸ

ਅਮਰੀਕੀ ਸਦਨ ’ਚ ਭਾਰਤ ਤੋਂ ਪਾਬੰਦੀਆਂ ਹਟਾਉਣ ਬਾਰੇ ਮਤਾ ਪਾਸ
ਵਾਸ਼ਿੰਗਟਨ-ਅਮਰੀਕਾ ਦੇ ਪ੍ਰਤੀਨਿਧ ਸਦਨ ਨੇ ਭਾਰਤ ਨੂੰ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਸੀਏਏਟੀਐੱਸਏ ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦਿਵਾਉਣ ਵਾਲੇ ਇੱਕ ਸੋਧੇ ਹੋਏ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਭਾਰਤ, ਚੀਨ ਦੇ ਹਮਲਾਵਰ ਰੁਖ਼ ਦਾ ਸਾਹਮਣਾ ਕਰ ਸਕੇ। ਰਾਸ਼ਟਰੀ ਰੱਖਿਆ ਅਧਿਕਾਰਤ ਕਾਨੂੰਨ (ਐੱਨਡੀਏਏ) ’ਤੇ ਸਦਨ ’ਚ ਚਰਚਾ ਦੌਰਾਨ ਜ਼ੁਬਾਨੀ ਵੋਟਾਂ ਨਾਲ ਇਹ ਸੋਧਿਆ ਹੋਇਆ ਬਿੱਲ ਪਾਸ ਕਰ ਦਿੱਤਾ ਗਿਆ।
ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਵੱਲੋਂ ਪੇਸ਼ ਕੀਤੇ ਗਏ ਇਸ ਸੋਧੇ ਹੋਏ ਬਿੱਲ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਤੋਂ ਭਾਰਤ ਨੂੰ ਚੀਨ ਵਰਗੇ ਹਮਲਾਵਰ ਰੁਖ਼ ਵਾਲੇ ਮੁਲਕ ਨੂੰ ਰੋਕਣ ’ਚ ਮਦਦ ਕਰਨ ਲਈ ਕਾਊਂਟਰਿੰਗ ਅਮੈਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ ਤੋਂ ਛੋਟ ਦਿਵਾਉਣ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਸੀ। ਖੰਨਾ ਨੇ ਕਿਹਾ, ‘ਅਮਰੀਕਾ ਨੂੰ ਚੀਨ ਦੇ ਵਧਦੇ ਹਮਲਾਵਰ ਰੁਖ ਦੇ ਮੱਦੇਨਜ਼ਰ ਭਾਰਤ ਨਾਲ ਖੜ੍ਹੇ ਰਹਿਣਾ ਚਾਹੀਦਾ ਹੈ। ਭਾਰਤ ਕੌਕਸ ਦੇ ਉਪ ਪ੍ਰਧਾਨ ਵਜੋਂ ਮੈਂ ਆਪਣੇ ਦੇਸ਼ਾਂ ਵਿਚਾਲੇ ਭਾਈਵਾਲੀ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹਾਂ ਕਿ ਭਾਰਤ-ਚੀਨ ਸਰਹੱਦ ’ਤੇ ਭਾਰਤ ਆਪਣੀ ਰਾਖੀ ਕਰ ਸਕੇ।’ ਉਨ੍ਹਾਂ ਕਿਹਾ, ‘ਇਹ ਸੋਧ ਬਹੁਤ ਅਹਿਮ ਹੈ ਅਤੇ ਮੈਨੂੰ ਇਹ ਦੇਖ ਕੇ ਮਾਣ ਹੋਇਆ ਕਿ ਇਸ ਨੂੰ ਦੋਵਾਂ ਧਿਰਾਂ ਦੀ ਹਮਾਇਤ ਨਾਲ ਪਾਸ ਕੀਤਾ ਗਿਆ ਹੈ।’ ਸਾਲ 2017 ’ਚ ਪੇਸ਼ ਸੀਏਏਟੀਐੱਸਏ ਤਹਿਤ ਰੂਸ ਤੋਂ ਰੱਖਿਆ ਤੇ ਖੁਫੀਆ ਲੈਣ-ਦੇਣ ਕਰਨ ਵਾਲੇ ਕਿਸੇ ਵੀ ਦੇਸ਼ ਖ਼ਿਲਾਫ਼ ਸਜ਼ਾਯੋਗ ਕਾਰਵਾਈ ਦੀ ਤਜਵੀਜ਼ ਹੈ।