ਵਿਕਰਮਸਿੰਘੇ ਨੇ ਸ੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਹਲਫ਼ ਲਿਆ

ਵਿਕਰਮਸਿੰਘੇ ਨੇ ਸ੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਹਲਫ਼ ਲਿਆ

ਵਿਕਰਮਸਿੰਘੇ ਨੇ ਸ੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਹਲਫ਼ ਲਿਆ
ਕੋਲੰਬੋ-ਮਾਲਦੀਵ ਤੋਂ ਸਿੰਗਾਪੁਰ ਭੱਜੇ ਗੋਟਾਬਾਯਾ ਰਾਜਪਕਸੇ ਦਾ ਅਸਤੀਫ਼ਾ ਸਪੀਕਰ ਮਹਿੰਦਾ ਯਪਾ ਅਬੇਯਵਰਦਨਾ ਵੱਲੋਂ ਸਵੀਕਾਰ ਕੀਤੇ ਜਾਣ ਮਗਰੋਂ ਰਨਿਲ ਵਿਕਰਮਸਿੰਘੇ ਨੂੰ ਅੱਜ ਸ੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਹਲਫ਼ ਦਿਵਾਇਆ ਗਿਆ। ਹਲਫ਼ ਲੈਣ ਤੋਂ ਬਾਅਦ ਵਿਕਰਮਸਿੰਘੇ ਨੇ ਦੇਸ਼ ’ਚ ਅਮਨ-ਅਮਾਨ ਕਾਇਮ ਰੱਖਣ ਅਤੇ ਸੰਵਿਧਾਨ ਦੀ 19ਵੀਂ ਸੋਧ ਬਹਾਲ ਕਰਨ ਦਾ ਅਹਿਦ ਲਿਆ ਜਿਸ ਤਹਿਤ ਰਾਸ਼ਟਰਪਤੀ ਨਾਲੋਂ ਸੰਸਦ ਨੂੰ ਤਾਕਤਵਰ ਬਣਾਇਆ ਜਾਵੇਗਾ। ਰਾਜਪਕਸੇ ਨੇ ਸਿੰਗਾਪੁਰ ਤੋਂ ਆਪਣਾ ਅਸਤੀਫ਼ਾ ਈ-ਮੇਲ ਰਾਹੀਂ ਭੇਜਿਆ ਸੀ। ਵਿਕਰਮਮਿੰਘੇ (73) ਨੂੰ ਚੀਫ਼ ਜਸਟਿਸ ਜੈਯੰਤਾ ਜੈਸੂਰਿਆ ਨੇ ਹਲਫ਼ ਦਿਵਾਇਆ। ਅੰਤਰਿਮ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਸੰਸਦ ਨੂੰ ਸੰਬੋਧਨ ਕਰਦਿਆਂ ਵਿਕਰਮਸਿੰਘੇ, ਜੋ ਪ੍ਰਧਾਨ ਮੰਤਰੀ ਵੀ ਹਨ, ਨੇ ਕਿਹਾ ਕਿ ਦੇਸ਼ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸਖ਼ਤੀ ਨਾਲ ਕਾਇਮ ਕੀਤਾ ਜਾਵੇਗਾ। ਦੇਸ਼ ’ਚ ਪਿਛਲੇ ਕਈ ਦਿਨਾਂ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ ਅਤੇ ਲੋਕਾਂ ਨੇ ਅਹਿਮ ਸਰਕਾਰੀ ਇਮਾਰਤਾਂ ’ਚ ਡੇਰੇ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਫ਼ੌਜ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਭੰਨ-ਤੋੜ ਦੀਆਂ ਕਾਰਵਾਈਆਂ ਨਾਲ ਸਿੱਝਣ ਲਈ ਤਾਕਤ ਅਤੇ ਖੁੱਲ੍ਹ ਦੇ ਦਿੱਤੀ ਗਈ ਹੈ। ‘ਮੈਂ ਸੌ ਫ਼ੀਸਦੀ ਸ਼ਾਂਤਮਈ ਪ੍ਰਦਰਸ਼ਨਾਂ ਦਾ ਹਮਾਇਤੀ ਹਾਂ। ਦੰਗਾਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਫਰਕ ਹੈ। ਅਸਲ ਪ੍ਰਦਰਸ਼ਨਕਾਰੀ ਹਿੰਸਾ ਨਹੀਂ ਕਰਨਗੇ।’
ਉਨ੍ਹਾਂ ਸਰਬ ਪਾਰਟੀ ਸਰਕਾਰ ਦੇ ਗਠਨ ਦੀ ਵਕਾਲਤ ਕਰਦਿਆਂ ਕਿਹਾ ਕਿ ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਨਾਲ ਸਿੱਝਣ ਲਈ ਸਾਰੀਆਂ ਪਾਰਟੀਆਂ ਦੇ ਸਾਂਝੇ ਯਤਨਾਂ ਦੀ ਲੋੜ ਹੈ। ਸਪੀਕਰ ਅਬੇਯਵਰਦਨਾ ਨੇ ਪਾਰਟੀ ਆਗੂਆਂ ਨੂੰ ਦੱਸਿਆ ਕਿ ਨਵੇਂ ਰਾਸ਼ਟਰਪਤੀ ਦੀ ਚੋਣ ਲਈ 20 ਜੁਲਾਈ ਨੂੰ ਸੰਸਦ ਦੀ ਬੈਠਕ ਹੋਵੇਗੀ। ਰਾਸ਼ਟਰਪਤੀ ਦੇ ਅਹੁਦੇ ਲਈ 19 ਜੁਲਾਈ ਨੂੰ ਨਾਮਜ਼ਦਗੀਆਂ ਮੰਗੀਆਂ ਜਾਣਗੀਆਂ। ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਣ ਦਾ ਐਲਾਨ ਸ਼ਨਿਚਰਵਾਰ ਨੂੰ ਕੀਤਾ ਜਾਵੇਗਾ। ਸਪੀਕਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਸੰਸਦ ਮੈਂਬਰਾਂ ਨੂੰ ਨਵਾਂ ਰਾਸ਼ਟਰਪਤੀ ਚੁਣਨ ਦੇ ਅਮਲ ’ਚ ਹਿੱਸਾ ਲੈਣ ਦੀ ਇਜਾਜ਼ਤ ਦੇਣ। 

Radio Mirchi