ਕੈਨੇਡੀਅਨ ਸਿੱਖ ਕਾਰੋਬਾਰੀ ਰਿਪੁਦਮਨ ਮਲਿਕ ਦਾ ਸਸਕਾਰ

ਕੈਨੇਡੀਅਨ ਸਿੱਖ ਕਾਰੋਬਾਰੀ ਰਿਪੁਦਮਨ ਮਲਿਕ ਦਾ ਸਸਕਾਰ

ਕੈਨੇਡੀਅਨ ਸਿੱਖ ਕਾਰੋਬਾਰੀ ਰਿਪੁਦਮਨ ਮਲਿਕ ਦਾ ਸਸਕਾਰ
ਵੈਨਕੂਵਰ-ਇੱਥੇ ਅੱਜ ਡੈਲਟਾ ਵਿਚਲੇ ਫਰੇਜ਼ਰ ਦਰਿਆ ਕੰਢੇ ਬਣੇ ਫਾਈਵ ਰਿਵਰ ਫਿਊਨਰਲ ਹੋਮ ਵਿੱਚ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦਾ ਸਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਬੀਤੀ 14 ਜੁਲਾਈ ਨੂੰ ਗੋਲੀਆਂ ਮਾਰ ਕੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਅੱਜ ਇੱਥੇ ਸਸਕਾਰ ਮੌਕੇ ਬੀਸੀ ਦੀਆਂ ਗੁਰਦੁਆਰਾ ਕਮੇਟੀਆਂ ਤੇ ਹੋਰ ਸਿੱਖ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ। ਬੁਲਾਰਿਆਂ ਨੇ ਕਤਲ ਪਿੱਛੇ ਭਾਰਤੀ ਏਜੰਸੀਆਂ ਦੀ ਭੂਮਿਕਾ ਹੋਣ ਦਾ ਸ਼ੱਕ ਜਤਾਉਂਦਿਆਂ ਨਿਰਪੱਚ ਜਾਂਚ ਕਰਵਾਉਣ ਦੀ ਮੰਗ ਦੁਹਰਾਈ। ਉਨ੍ਹਾਂ ਕਾਰੋਬਾਰੀ ਦੇ ਕਤਲ ਮਗਰੋਂ ਅਫਵਾਹਾਂ ਫੈਲਾ ਕੇ ਭਾਈਚਾਰਕ ਵੰਡੀਆਂ ਪਾਉਣ ਦੀ ਵੀ ਨਿਖੇਧੀ ਕੀਤੀ। ਦੱਸਣਯੋਗ ਹੈ ਕਿ ਸਾਲ 1947 ਵਿੱਚ ਜਨਮੇ ਰਿਪੁਦਮਨ ਸਿੰਘ ਮਲਿਕ 1972 ਵਿੱਚ ਕੈਨੇਡਾ ਆਏ ਸਨ। ਸਾਲ 1986 ਵਿੱਚ ਉਨ੍ਹਾਂ ਇੱਥੇ ਖਾਲਸਾ ਕਰੈਡਿਟ ਯੂਨੀਅਨ ਨਾਂ ਵਾਲੇ ਸਹਿਕਾਰੀ ਬੈਂਕ ਦੀ ਸਥਾਪਨਾ ਵਿੱਚ ਮੋਢੀ ਦੀ ਭੂਮਿਕਾ ਨਿਭਾਈ ਤੇ ਉਸੇ ਸਾਲ ਪਹਿਲਾ ਖਾਲਸਾ ਸਕੂਲ ਸ਼ੁਰੂ ਕੀਤਾ, ਜਿਸ ਦੀਆਂ ਹੁਣ ਕਈ ਸ਼ਾਖਾਵਾਂ ਹਨ। ਮਲਿਕ ’ਤੇ 25 ਜੂਨ, 1985 ਨੂੰ ਕੈਨੇਡਾ ਤੋਂ ਭਾਰਤ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਤੇ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਘੜਨ ਦੇ ਦੋਸ਼ ਲੱਗੇ ਸਨ ਪਰ ਉੱਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ 2005 ਵਿੱਚ ਬਰੀ ਕਰ ਦਿੱਤਾ ਸੀ। ਦੋ ਸਾਲ ਪਹਿਲਾਂ ਮਲਿਕ ਤੇ ਉਸ ਦੇ ਭਾਈਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਈ ਸੀ, ਜੋ ਚਰਚਾ ਮਗਰੋਂ ਉਨ੍ਹਾਂ ਸਥਾਨਕ ਗੁਰਦੁਆਰੇ ਨੂੰ ਸੌਂਪ ਦਿੱਤੇ ਸਨ। ਢਾਈ ਕੁ ਸਾਲ ਪਹਿਲਾਂ ਮਲਿਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਸਿਫ਼ਤਾਂ ਵਾਲੀ ਚਿੱਠੀ ਲਿਖਣ ਮਗਰੋਂ ਮੁੜ ਵਿਵਾਦਾਂ ਵਿੱਚ ਘਿਰੇ ਸਨ। ਘਟਨਾ ਤੋਂ ਇੱਕ ਹਫ਼ਤਾ ਬਾਅਦ ਵੀ ਪੁਲੀਸ ਅਜੇ ਤੱਕ ਕਾਤਲਾਂ ਦਾ ਪਤਾ ਨਹੀਂ ਲਗਾ ਸਕੀ ਹੈ।

Radio Mirchi