ਇਤਿਹਾਸਕ ਸਥਾਨਾਂ ’ਤੇ ਵਿਰਸੇ ਦੀ ਪੇਸ਼ਕਾਰੀ ਹੋਵੇ: ਅਨਮੋਲ ਗਗਨ

ਇਤਿਹਾਸਕ ਸਥਾਨਾਂ ’ਤੇ ਵਿਰਸੇ ਦੀ ਪੇਸ਼ਕਾਰੀ ਹੋਵੇ: ਅਨਮੋਲ ਗਗਨ

ਇਤਿਹਾਸਕ ਸਥਾਨਾਂ ’ਤੇ ਵਿਰਸੇ ਦੀ ਪੇਸ਼ਕਾਰੀ ਹੋਵੇ: ਅਨਮੋਲ ਗਗਨ
ਅੰਮ੍ਰਿਤਸਰ-ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਸਥਾਨਕ ਕਿਲੇ ਵਿਚ ਚੱਲ ਰਹੀਆਂ ਡੀਜੇ ਦੀਆਂ ਧੁਨਾਂ ’ਤੇ ਕਿੰਤੂ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਜਰਨੈਲ ਦੇ ਸ਼ਾਹੀ ਕਿਲੇ ਵਿੱਚ ਮਨੋਰੰਜਨ ਨਹੀਂ, ਸਗੋਂ ਵਿਰਾਸਤ, ਇਤਿਹਾਸ ਤੇ ਅਮੀਰ ਵਿਰਸੇ ਦੀ ਤਰਜ਼ਮਾਨੀ ਕਰਦੇ ਪ੍ਰੋਗਰਾਮ ਹੋਣੇ ਚਾਹੀਦੇ ਹਨ। ਇਸੇ ਨਾਲ ਸਬੰਧਤ ਹੀ ਪੇਸ਼ਕਾਰੀ ਕੀਤੀ ਜਾਣੀ ਚਾਹੀਦੀ ਹੈ। ਉਹ ਅੰਮ੍ਰਿਤਸਰ ਵਿੱਚ ਦੋ ਰੋਜ਼ਾ ਦੌਰੇ ’ਤੇ ਆਏ ਹੋਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਇਤਿਹਾਸਕ ਥਾਵਾਂ, ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਤੇ ਰਾਜਿਆਂ ਦੇ ਕਿਲੇ ਸ਼ਾਮਿਲ ਹਨ, ਨੂੰ ਉਨ੍ਹਾਂ ਦੇ ਇਤਿਹਾਸਕ ਪਰਿਪੇਖ ਵਿਚ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਸਨਅਤ ਵੱਡੀ ਆਮਦਨ ਅਤੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਸਾਧਨ ਬਣ ਸਕਦੀ ਹੈ, ਪਰ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ।
ਇਸ ਮੌਕੇ ਹੋਟਲ ਸਨਅਤ ਤੋਂ ਸੁਝਾਅ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਸ਼ਹਿਰ ਦੇ ਵਿਕਾਸ ਲਈ ਸੈਲਾਨੀ ਪੱਖੀ ਰੋਡ ਮੈਪ ਤਿਆਰ ਕਰਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਰੋਜ਼ਾਨਾ ਵੱਡੀ ਗਿਣਤੀ ਸ਼ਰਧਾਲੂ ਤੇ ਸੈਲਾਨੀ ਆਉਂਦੇ ਹਨ, ਇਨ੍ਹਾਂ ਨੂੰ ਇਕ ਤੋਂ ਵੱਧ ਸਮਾਂ ਰੋਕਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸੈਰ-ਸਪਾਟਾ ਸਨਅਤ ਦੇ ਵਿਕਾਸ ਲਈ ਇੱਕ ਅਥਾਰਟੀ, ਜਿਸ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਚ ਹੀ ਹੋਵੇ, ਬਣਾਉਣ ਦਾ ਸੁਝਾਅ ਦਿੱਤਾ। ਇਸ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੁਲੀਸ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਸਮਰ ਪੈਲਸ ਦਾ ਦੌਰਾ ਕੀਤਾ ਅਤੇ ਭਗਵਾਨ ਵਾਲਮੀਕਿ ਦੇ ਤੀਰਥ ਸਥਾਨ ਵਿਖੇ ਮੱਥਾ ਟੇਕਿਆ।

Radio Mirchi